ਬੀ.ਸੀ. ‘ਚ ਸ਼ੁਰੂ ਹੋਵੇਗਾ ਫੇਫੜਿਆਂ ਦੇ ਕੈਂਸਰ ਸਬੰਧੀ ਸਕਰੀਨਿੰਗ ਪ੍ਰੋਗਰਾਮ
ਹਰਦਮ ਮਾਨ
ਸਰੀ, 15 ਸਤੰਬਰ 2020- ਬੀ.ਸੀ. ਸਰਕਾਰ ਵੱਲੋਂ ਫੇਫੜਿਆਂ ਦੇ ਕੈਂਸਰ ਦੀ ਗੰਭੀਰਤਾ ਨੂੰ ਸਮਝਦਿਆਂ “ਲੰਗ ਕੈਂਸਰ ਸਕਰੀਨਿੰਗ ਪ੍ਰੋਗਰਾਮ” ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਫੇਫੜਿਆਂ ਦੇ ਕੈਂਸਰ ਤੋਂ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਬਾਰੇ ਛੇਤੀ ਪਤਾ ਲੱਗ ਸਕੇਗਾ ਅਤੇ ਇਸ ਦਾ ਇਲਾਜ ਕਰਨ ਵਿੱਚ ਮਦਦ ਮਿਲੇਗੀ।
ਇਹ ਐਲਾਨ ਕਰਦਿਆਂ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਤਹਿਤ ਸੂਬੇ ਵਿਚ ਵੱਖ ਵੱਖ ਥਾਵਾਂ ਤੇ ਸਕਰੀਨਿੰਗ ਸੈਂਟਰ ਬਣਾਏ ਜਾਣਗੇ ਅਤੇ ਇਨ੍ਹਾਂ ਕੇਂਦਰਾਂ ਤੇ 2022 ਤੱਕ ਫੇਫੜਿਆਂ ਦੇ ਮਰੀਜ਼ਾਂ ਦੇ ਸਕੈਨ ਸ਼ੁਰੂ ਹੋ ਜਾਣਗੇ। ਵਰਣਨਯੋਗ ਹੈ ਕਿ ਬੀ.ਸੀ. ਵਿਚ ਫੇਫੜਿਆਂ ਦੇ ਕੈਂਸਰ ਕਾਰਨ ਰੋਜ਼ਾਨਾ 6 ਜਣਿਆਂ ਦੀ ਮੌਤ ਹੋ ਜਾਂਦੀ ਹੈ।
“ਲੰਗ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ” ਸ਼ੁਰੂ ਨਾਲ ਬੀਸੀ ਸੂਬਾ, ਕੈਨੇਡਾ ਵਿਚ ਅਜਿਹਾ ਸਿਹਤ ਪ੍ਰੋਗਰਾਮ ਚਲਾਉਣ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਇਹ ਪ੍ਰੋਗਰਾਮ 'ਬੀ.ਸੀ ਕੈਂਸਰ' ਦੁਆਰਾ ਚਲਾਇਆ ਜਾਵੇਗਾ ਅਤੇ ਇਸ ਦਾ ਫਾਇਦਾ ਇਹ ਹੋਵੇਗਾ ਕਿ ਪਹਿਲਾਂ ਦੇ ਮੁਕਾਬਲੇ ਹਰ ਸਾਲ 300 ਲੋਕਾਂ ਦੇ ਕੈਂਸਰ ਤੋਂ ਪੀੜਤ ਹੋਣ ਸਬੰਧੀ ਜਾਣਕਾਰੀ ਛੇਤੀ ਹਾਸਲ ਹੋ ਸਕੇਗੀ।