ਅਸ਼ੋਕ ਵਰਮਾ
ਬਠਿੰਡਾ,14 ਸਤੰਬਰ 2020 - ਸਿਵਲ ਹਸਪਤਾਲ ਦੇ ਪਰਿਜ਼ਨਰਜ਼ ਵਾਰਡ ਚੋਂ ਏ.ਐਸ.ਆਈ 'ਤੇ ਹਮਲਾ ਕਰਕੇ ਫਰਾਰ ਹੋਏ ਡਰੱਗ ਸਮਗਲਰ ਹਵਾਲਾਤੀ ਨੇ ਇਸ ਤੋਂ ਪਹਿਲਾਂ ਜੇਲ੍ਹ ਦੇ ਅੰਦਰ ਖੁਦਕਸ਼ੀ ਕਰਨ ਅਤੇ ਜੇਲ੍ਹ ਪ੍ਰਸ਼ਾਸ਼ਨ ਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ ’ਚ ਥਾਣਾ ਕੈਂਟ ਪੁਲਿਸ ਨੇ ਹਵਾਲਾਤੀ ਬਲਕੌਰ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਅਪਰਾ ਜਿਲਾ ਜਲੰਧਰ ਖਿਲਾਫ ਸਹਾਇਕ ਸੁਪਰਡੈਂਟ ਜੋਗਿੰਦਰ ਸਿੰਘ ਦੀ ਸ਼ਕਾਇਤ ਤੇ ਧਾਰਾ 309,506 52 ਜੇਲ ਮੈਨੂੰਅਲ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਐਫ.ਆਈ.ਆਰ ’ਚ ਦੱਸਿਆ ਹੈ ਕਿ ਬਲਕੌਰ ਸਿੰਘ ਨੇ ਫਾਹਾ ਲੈਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਹਨ। ਪੁਲਿਸ ਨੇ ਸਿਵਲ ਹਸਪਤਾਲ ’ਚ ਫਰਾਰ ਹੋਣ ਦੇ ਮਾਮਲੇ ’ਚ ਬਲਕੌਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ ਜਦੋਂਕਿ ਖੁਦਕਸ਼ੀ ਨੂੰ ਲੈਕੇ ਫਿਲਹਾਲ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਵੇਰਵਿਆਂ ਅਨੁਸਾਰ ਜਦੋਂ ਬਲਕੌਰ ਸਿੰਘ ਨੇ ਜੇਲ ’ਚ ਫਾਹਾ ਲੈਕੇ ਆਤਮਹੱਤਿਆ ਦਾ ਯਤਨ ਕੀਤਾ ਤਾਂ ਇਸ ਦੌਰਾਨ ਉਸ ਨੂੰ ਕੁੱਝ ਸੱਟਾਂ ਲੱਗੀਆਂ ਸਨ ਜਿਸ ਕਰਕੇ ਹਵਾਲਾਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਪਿ੍ਰਜ਼ਨਰ ਵਾਰਡ ’ਚ ਰੱਖਿਆ ਸੀ। ਇਸ ਮੌਕੇ ਬਲਕੌਰ ਸਿੰਘ ਨੇ ਗਾਰਦ ਡਿਊਟੀ ਤੇ ਤਾਇਨਤ ਏਐਸਆਈ ਤੇ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਅਤੇ ਖੁਦ ਫਰਾਰ ਹੋ ਗਿਆ। ਥਾਣਾ ਕੋਤਵਾਲੀ ਪੁਲਿਸ ਵੱਲ ਦਰਜ ਐਫਆਈਆਰ ’ਚ ਬਲਕੌਰ ਸਿੰਘ ਦੀ ਗਿ੍ਰਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ। ਓਧਰ ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਸਬਇੰਸਪੈਕਟਰ ਨਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਪੁਲਿਸ ਬਲਕੌਰ ਸਿੰਘ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛ ਪੜਤਾਲ ਉਪਰੰਤ ਅਗਲੀ ਕਾਰਵਾਈ ਕਰੇਗੀ।