14 ਕੰਪਨੀਆਂ ਨੇ ਨਿਜੀ ਤੇ ਆਨਲਾਈਨ ਜ਼ਰੀਏ ਰੋਜ਼ਗਾਰ ਮੇਲਿਆਂ ਵਿੱਚ ਕੀਤੀ ਸ਼ਿਰਕਤ
ਜਲੰਧਰ, 15 ਸਤੰਬਰ 2020: 6ਵੇਂ ਮੈਗਾ ਰੋਜ਼ਗਾਰ ਮੇਲੇ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਬੀਡੀਪੀਓ ਰੁੜਕਾਂ ਕਲਾਂ ਦੇ ਦਫ਼ਤਰ ਵਿਖੇ ਲਗਾਏ ਗਏ ਦੋ ਰੋਜ਼ਗਾਰ ਮੇਲਿਆਂ ਦੌਰਾਨ ਅੱਜ ਲਗਭਗ 455 ਬੇਰੋਜ਼ਗਾਰ ਨੌਜਵਾਨ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਫ਼ਲ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਜਿਥੇ 612 ਬੇਰੋਜ਼ਗਾਰ ਨੌਜਵਾਨਾਂ ਨੇ ਹਿੱਸਾ ਲਿਆ ਉਥੇ ਆਈਸੀਆਈਸੀਆਈ ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ, ਐਨਆਈਆਈਟੀ, ਗਰਿੱਪਵੈਲ, ਜੇਐਮਸੀ ਪਲਾਈਵੁੱਡ, ਮਿਸਜ਼ ਬੈਕਟਰ ਫੂਡ ਐਂਡ ਸਪੈਸ਼ਲਿਟੀਜ਼ ਲਿਮ., ਏ-ਵਨ ਇੰਟਰਨੈਸ਼ਨਲ, ਪੁਖਰਾਜ ਹੈਲਥ ਕੇਅਰ, ਆਰਬੀ ਇੰਡਸਟਰੀਜ਼, ਜੀਥਰ ਮਸ਼ੀਨ ਟੂਲਜ਼, ਜਸਵੰਤ ਸਿੰਘ ਐਂਡ ਸੰਨਜ਼, ਬੋਨਟ ਮਸ਼ੀਨ ਟੂਲਜ਼, ਸਟੈਲਾ ਕੋਨਟੀਨੈਂਟਲ, ਜੀਐਨਏ ਇੰਡਸਟਰੀਜ਼ ਅਤੇ ਨਾਰਵੇ ਹਰਬਲ ਵਰਗੀਆਂ 14 ਕੰਪਨੀਆਂ ਨੇ ਨਿਜੀ ਅਤੇ ਆਨਲਾਈਨ ਜ਼ਰੀਏ ਸ਼ਿਰਕਤ ਕਰਦਿਆਂ 455 ਬੇਰੋਜ਼ਗਾਰ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਸਤੰਬਰ ਦੇ ਪੂਰੇ ਮਹੀਨੇ ਲਈ 6ਵੇਂ ਮੈਗਾ ਰੋਜ਼ਗਾਰ ਮੇਲੇ ਦੇ ਹਿੱਸੇ ਵਜੋਂ ਤੈਅ ਕੀਤੇ ਗਏ ਹਨ, ਜਿਸ ਦੌਰਾਨ ਹਿੱਸਾ ਲੈਣ ਵਾਲਿਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰੋਜ਼ਗਾਰ ਮੇਲੇ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਕਾਫੀ ਮਦਦਗਾਰ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਅਜਿਹੇ ਮੇਲੇ ਨੌਜਾਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਦੌਰਾਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਸੁਰੱਖਿਆ ਮਾਪਦੰਡਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ, ਜਿਸ ਤਹਿਤ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣਾ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ 16 ਸਤੰਬਰ ਦਿਨ ਬੁੱਧਵਾਰ ਨੂੰ ਵੀ ਮਲਟੀਸਕਿੱਲ ਡਿਵੈਲਪਮੈਂਟ ਸੈਂਟਰ, ਜਲੰਧਰ ਵਿੱਚ ਇਕ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਅਮੇਜ਼ਨ, ਫਲਿੱਪਕਾਰਟ, ਟਾਟਾ ਸਕਾਈ, ਵਰਧਮਾਨ ਇੰਡਸਟਰੀ ਵਰਗੀਆਂ ਕਈ ਨਾਮੀ ਕੰਪਨੀਆਂ ਸ਼ਾਮਿਲ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਤੰਬਰ ਮਹੀਨੇ ਵਿੱਚ ਲਗਾਤਾਰ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾਣਗੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਮਿਸ਼ਨ ਦਾ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ www.pgrkam.com 'ਤੇ ਰਜਿਸਟਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਵਧੇਰੇ ਜਾਣਕਾਰੀ ਲਈ 90569-20100 ‘ਤੇ ਵੀ ਸੰਪਰਕ ਕਰ ਸਕਦੇ ਹਨ।