ਜਗਦੀਸ਼ ਥਿੰਦ
ਅਬੋਹਰ, 15 ਸਤੰਬਰ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਮਰੀਜਾਂ ਦਾ ਹਾਲ ਚਾਲ ਜਾਣਿਆ ਅਤੇ ਜ਼ਿਲੇ ਵਿਚ ਕੋਵਿਡ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕਰੋਨਾ ਦੇ ਇਸ ਦੌਰ ਵਿਚ ਸਿਹਤ ਵਿਭਾਗ ਨੇ ਇਸ ਤਰਾਂ ਦਾ ਪ੍ਰਬੰਧ ਕੀਤਾ ਹੈ ਕਿ ਹੋਰਨਾਂ ਬਿਮਾਰੀਆਂ ਤੋਂ ਪੀੜਤ ਮਰੀਜਾਂ ਦਾ ਇਲਾਜ ਪ੍ਰਭਾਵਿਤ ਨਾ ਹੋਵੇ। ਇਸ ਲਈ ਕੋਵਿਡ ਮਰੀਜਾਂ ਦੀ ਦੇਖਭਾਲ ਲਈ ਵੱਖਰੀ ਵਿਵਸਥਾ ਕੀਤੀ ਗਈ ਹੈ ਅਤੇ ਆਮ ਬਿਮਾਰੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਪਹਿਲਾਂ ਵਾਂਗ ਜਾਰੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਰਾਜ ਵਿਚ 62 ਲੱਖ ਓਪੀਡੀ ਹੋਰਨਾਂ ਬਿਮਾਰੀਆਂ ਦੇ ਪੀੜਤ ਮਰੀਜਾਂ ਦੀ ਸਰਕਾਰੀ ਹਸਪਤਾਲਾਂ ਵਿਚ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਵੀ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਨੇ ਇਸ ਮੌਕੇ ਸ੍ਰੀ ਸੰਦੀਪ ਜਾਖੜ ਵੱਲੋਂ ਅਬੋਹਰ ਵਿਖੇ ਐਂਬੂਲੈਂਸ ਭੇਜਣ ਦੀ ਮੰਗ ਵੀ ਸਵਿਕਾਰ ਕਰਦਿਆਂ ਨਿਰਦੇਸ਼ ਦਿੱਤੇ ਕਿ ਇੱਥੇ ਜਲਦ ਇਕ ਨਵੀਂ ਐਂਬੂਲੈਂਸ ਭੇਜੀ ਜਾਵੇਗੀ।
ਇਸ ਮੌਕੇ ਉਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਰਾਜ ਵਿਚ 928 ਡਾਕਟਰਾਂ ਦੀ ਭਰਤੀ ਕਰ ਰਹੀ ਹੈ ਜਿੰਨਾਂ ਵਿਚੋਂ 146 ਦੀ ਨਿਯੁਕਤੀ ਹੋ ਗਈ ਹੈ ਜਦ ਕਿ 500 ਹੋਰ ਦੀ ਨਿਯੁਕਤੀ ਵੀ ਜਲਦ ਹੋ ਜਾਵੇਗੀ। ਜਦ ਕਿ 428 ਡਾਕਟਰਾਂ ਦੀ ਭਰਤੀ ਲਈ ਵਾਕ ਇਨ ਇੰਟਰਵਿਊ ਚੱਲ ਰਹੀ ਹੈ।
ਸ: ਬਲਬੀਰ ਸਿੰਘ ਸਿੱਧੂ ਨੇ ਕੋਵਿਡ ਦਾ ਜਿਕਰ ਕਰਦਿਆਂ ਕਿਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੱਛਣ ਵਿਖਾਈ ਦੇਣ ਤੇ ਜਾਂ ਕਿਸੇ ਪਾਜਿਟਿਵ ਮਰੀਜ ਦੇ ਸੰਪਰਕ ਵਿਚ ਆਏ ਹੋਣ ਤੇ ਤੁਰੰਤ ਆਪਣਾ ਕੋਵਿਡ ਟੈਸਟ ਕਰਵਾਉਣ। ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁਲ ਮੁਫ਼ਤ ਹੈ। ਉਨਾਂ ਕਿਹਾ ਕਿ ਜੇਕਰ ਪਾਜਿਟਿਵ ਆਏ ਵਿਅਕਤੀ ਨੂੰ ਕੋਈ ਗੰਭੀਰ ਲੱਛਣ ਨਹੀਂ ਹਨ ਅਤੇ ਉਸਨੂੰ ਕੋਈ ਹੋਰ ਗੰਭੀਰ ਬਿਮਾਰੀ ਵੀ ਨਹੀਂ ਹੈ ਤਾਂ ਅਜਿਹਾ ਵਿਅਕਤੀ ਆਪਣੇ ਘਰ ਵਿਚ ਵੀ ਰਹਿ ਕੇ ਆਪਣਾ ਇਲਾਜ ਪੂਰਾ ਕਰ ਸਕਦਾ ਹੈ।
ਇਸ ਮੌਕੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਕੇ ਮਰੀਜਾਂ ਨਾਲ ਗੱਲਬਾਤ ਕਰਕੇ ਉਨਾਂ ਤੋਂ ਇੱਥੇ ਦਿੱਤੀਆਂ ਜਾ ਰਹੀਆਂ ਸਹੁਲਤਾਂ ਸਬੰਧੀ ਫੀਡਬੈਕ ਵੀ ਪ੍ਰਾਪਤ ਕੀਤਾ। ਇਸ ਮੌਕੇ ਉਨਾਂ ਨਾਲ ਸ੍ਰੀ ਸੰਦੀਪ ਜਾਖੜ, ਕਮਿਸ਼ਨਰ ਨਗਰ ਨਿਗਮ ਸ੍ਰੀ ਅਭਿਜੀਤ ਕਪਲਿਸ, ਕਾਰਜਕਾਰੀ ਜ਼ਿਲਾ ਕਾਂਗਰਸ ਪ੍ਰਧਾਨ ਸ੍ਰੀ ਰੰਜਮ ਕਾਮਰਾ, ਸਿਵਲ ਸਰਜਨ ਡਾ: ਭੁਪਿੰਦਰ ਕੌਰ, ਐਸਐਮਓ ਡਾ: ਗਗਨਦੀਪ ਸਿੰਘ ਆਦਿ ਵੀ ਹਾਜਰ ਸਨ।