ਇੰਦਰਜੀਤ ਸਿੰਘ
- ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਕਾਂਗਰਸ ਦੇ ਸਪੋਕਸਪਰਸਨ ਰੂਬੀ ਗਿੱਲ ਨੇ ਕੀਤੀ ਨੌਕਰੀ ਤੋਂ ਡਿਸਮਿਸ ਕਰਨ ਦੀ ਮੰਗ
ਫਾਜ਼ਿਲਕਾ, 15 ਸਤੰਬਰ 2020 - ਪੰਜਾਬ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ ਨਾਲ ਹੋ ਰਹੀਆ ਮੌਤਾਂ ਦਾ ਸਿਲਸਿਲਾ ਪਿਛਲੇ ਲੰਬੇ ਸਮੇ ਤੋਂ ਜਾਰੀ ਹੈ ਜਿੱਥੇ ਆਏ ਦਿਨ ਨੌਜਵਾਨ ਨਸ਼ੇ ਦੀ ਓਵਰਡੋਜ ਨਾਲ ਮਰ ਰਹੇ ਹਨ। ਜਿਸਦੇ ਕਾਰਨ ਪੁਲਿਸ ਵਲੋਂ ਵਿਸ਼ੇਸ਼ ਤੌਰ 'ਤੇ ਨਸ਼ਿਆਂ ਦੇ ਖਿਲਾਫ ਟੀਮਾਂ ਵੀ ਗਠਿਤ ਕੀਤੀਆ ਗਈਆਂ ਹਨ ਅਤੇ ਨਾਲ ਹੀ ਐਂਟੀ ਨਾਰਕੋਟਿਕਸ ਐਸ ਟੀ ਐਫ ਜਿਹੇ ਵਿਭਾਗ ਵੀ ਨਸ਼ੇ ਦੀ ਧਰਪਕੜ ਲਈ ਬਣਾਏ ਗਏ ਹਨ। ਪਰ ਜਦੋਂ ਨਸ਼ਿਆਂ ਦੀ ਗੱਲ ਆਉਂਦੀ ਹੈ ਤਾਂ ਨਸ਼ਾ ਵੇਚਣ ਅਤੇ ਕਰਨ ਵਿੱਚ ਪੁਲਿਸ ਉੱਤੇ ਕਈ ਵਾਰ ਉਂਗਲੀਆਂ ਉੱਠੀਆਂ ਹਨ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਖੁਦ ਆਪ ਨਸ਼ਾ ਕਰਨ ਦੀ ਗੱਲ ਵੀ ਸਾਹਮਣੇ ਆਉਂਦੀ ਹੈ ਪਰ ਅੱਜ ਫਾਜਿਲਕਾ ਥਾਣਾ ਸਦਰ ਵਿੱਚ ਤੈਨਾਤ ਇੱਕ ਥਾਣੇਦਾਰ ਅਤੇ ਇੱਕ ਹਵਲਦਾਰ ਦੀ ਹੈਰੋਇਨ ਦਾ ਨਸ਼ਾ ਕਰਦਿਆਂ ਦੀ ਵੀਡੀਓ ਹੀ ਵਾਇਰਲ ਹੋ ਰਹੀ ਹੈ। ਜਿਸਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ਵਲੋਂ ਇਨ੍ਹਾਂ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਡੀ ਜੀ ਪੀ ਪੰਜਾਬ ਪੁਲਿਸ ਤੋਂ ਇਨ੍ਹਾਂ ਦੋਵਾਂ ਪੁਲਿਸ ਮੁਲਾਜਮਾਂ ਨੂੰ ਸਸਪੈਂਡ ਕਰਨ ਦੀ ਬਜਾਏ ਨੌਕਰੀ ਤੋਂ ਡਿਸਮਿਸ ਕਰਨ ਦੀ ਮੰਗ ਕੀਤੀ ਗਈ ਹੈ।
ਜਿੱਥੇ ਇਹ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਕਾਂਗਰਸ ਦੇ ਸਪੋਕਸ ਪਰਸਨ ਰੂਬੀ ਗਿੱਲ ਨੇ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਵਲੋਂ ਬੀਤੇ ਦਿਨੀਂ ਨਸ਼ਿਆਂ ਉੱਤੇ ਆਖਰੀ ਵਾਰ ਮੁਹਿੰਮ ਦੀ ਸ਼ੁਰੁਆਤ ਕੀਤੀ ਸੀ ਜਿਸ ਵਿੱਚ ਯੂਥ ਕਾਂਗਰਸ ਵਲੋਂ ਲੋਕਾਂ ਨੂੰ ਨਸ਼ੇ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਦੀ ਗੱਲ ਕਹੀ ਗਈ ਸੀ ਅਤੇ ਯੂਥ ਕਾਂਗਰਸ ਵਲੋਂ ਨਸ਼ੇ ਰੋਕਣ ਲਈ ਅਭਿਆਨ ਦੀ ਸ਼ੁਰੁਆਤ ਕੀਤੀ ਗਈ ਸੀ ਜਿਸਦੇ ਤਹਿਤ ਅੱਜ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਣ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਮੁਲਾਜ਼ਮ ਹਰਪਾਲ ਸਿੰਘ ਜੋ ਕਿ ਥਾਣਾ ਸਦਰ ਵਿੱਚ ਏ ਐਸ ਆਈ ਅਤੇ ਦੂਜਾ ਮੁਲਾਜਮ ਸੁਰਜੀਤ ਸਿੰਘ ਜੋ ਹਵਲਦਾਰ ਪਦ ਤੇ ਤੈਨਾਤ ਹਨ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਡੀ ਜੀ ਪੀ ਕੋਲੋਂ ਇਨ੍ਹਾਂ ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ।