ਜੀ ਐਸ ਪੰਨੂ
ਪਟਿਆਲਾ, 15 ਸਤੰਬਰ 2020 - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ ਮਲੌਦ ਅਤੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਨੇ ਕਿਹਾ ਕਿ ਅੱਜ ਧਰਨੇ ਵਿੱਚ ਵੱਖ ਵੱਖ ਪਿੰਡਾਂ ਤੋਂ ਦਲਿਤ ਅਤੇ ਬੇਜ਼ਮੀਨੇ ਲੋਕਾਂ ਵਲੋਂ ਕਰਜ਼ਾ ਮੁਆਫ਼ੀ ਅਤੇ ਜ਼ਮੀਨ ਦੇ ਮਸਲੇ ਨੂੰ ਲੈ ਕੇ ਦਾਣਾ ਮੰਡੀ ਵਿੱਚ ਇਕੱਠੇ ਹੋਕੇ ,ਮੋਤੀ ਮਹਿਲ ਵੱਲ ਨੂੰ ਮਾਰਚ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਲੋਕ ਦੁਖੀ ਹੋ ਕੇ ਸੜਕਾਂ ਤੇ ਆ ਰਹੇ ਹਨ। ਪਰ ਮੌਜੂਦਾ ਸਰਕਾਰਾਂ ਲੋਕਾਂ ਦੇ ਮੁੱਢਲੇ ਮਸਲੇ ਹੱਲ ਕਰਨ ਦੀ ਬਜਾਏ ਕੋਰੋਨਾ ਦੇ ਨਾਂਅ ਹੇਠ ਲੋਕਾਂ ਨੂੰ ਫਾਸ਼ੀਵਾਦੀ ਅਜੰਡੇ ਤਹਿਤ ਘਰਾ ਵਿੱਚ ਬੰਦ ਕਰ ਰਹੀ ਹੈ ਅਤੇ ਕੈਪਟਨ ਸਰਕਾਰ ਦੀ ਚੁੱਪੀ ਇਹ ਸਾਬਤ ਕਰਦੀ ਹੈ ਕਿ ਕਾਂਗਰਸ ਸਰਕਾਰ ਮੋਦੀ ਸਰਕਾਰ ਦੀ ਪਿੱਠੂ ਬਣੀ ਹੋਈ ਹੈ , ਅੱਜ ਜਦੋ ਲੋਕ ਸੰਘਰਸ਼ ਕਰ ਰਹੇ ਹਨ ਤਾਂ ਕੈਪਟਨ ਸਰਕਾਰ ਵਲੋਂ ਪਰਚੇ ਦਰਜ ਕਰਨ ਦੇ ਤਾਨਾਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ।ਜਿਸ ਨੂੰ ਲੋਕ ਹਰਗਿਜ਼ ਬਰਦਾਸ਼ਤ ਨਹੀ ਕਰਨਗੇ।
ਜਥੇਬੰਦੀ ਦੀ ਜੋਨਲ ਸਕੱਤਰ ਪਰਮਜੀਤ ਲੌਂਗੋਵਾਲ ਅਤੇ ਮੀਤ ਪ੍ਰਧਾਨ ਕਰਨੈਲ ਸਿੰਘ ਬਰਨਾਲਾ ਨੇ ਕਿਹਾ ਲਾਕਡਾਉਨ ਕਾਰਨ ਲੋਕਾਂ ਦੇ ਕੰਮਕਾਰ ਠੱਪ ਹੋਣ ਨਾਲ ਮਾਇਕਰੋਫਾਇਨਾਂਸ ਕੰਪਨੀਆਂ ਦੀਆਂ ਕਿਸ਼ਤਾ ਔਰਤਾਂ ਤੋਂ ਨਹੀ ਭਰੀਆਂ ਜਾ ਰਹੀਆਂ ।ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰਜਾ ਤਾਂ ਮੁਆਫ਼ ਕਰ ਰਹੀ ਹੈ ਪਰ ਆਮ ਲੋਕਾਂ ਦੇ ਕਰਜੇ ਦੀ ਮੁਆਫ਼ੀ ਲਈ ਕੈਪਟਨ ਵਲੋਂ ਸੈਂਟਰ ਸਰਕਾਰ ਤੇ ਗੱਲ ਸੁਟੀ ਜਾ ਰਹੀ ਹੈ ਅਤੇ ਮੋਦੀ ਸਰਕਾਰ ਰਾਜ ਸਰਕਾਰਾਂ ਤੇ ਗੱਲ ਸੁੱਟ ਰਹੀ ਹੈ। ਕਿਸ਼ਤਾਂ ਦਾ ਮਾਮਲਾ ਚਾਹੇ ਅਦਾਲਤ ਅਧੀਨ ਚੱਲ ਰਿਹਾ ਪਰ ਫਿਰ ਵੀ ਕੰਪਨੀਆਂ ਦੇ ਮੁਲਾਜ਼ਮਾਂ ਵਲੋਂ ਔਰਤਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਆਗੂ ਬਿੱਕਰ ਸਿੰਘ ਹਥੋਆ ਅਤੇ ਜਸਵੰਤ ਖੇੜੀ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਜ਼ਮੀਨ ਸਬੰਧੀ ਜੋ ਨੋਟੀਫਿਕੇਸ਼ਨ ਸੰਘਰਸ਼ ਕਰਕੇ ਲੋਕਾਂ ਦੇ ਹੱਕ ਵਿੱਚ ਕਰਵਾਏ ਗਏ ਸਨ। ਉਨ੍ਹਾਂ ਵਿੱਚ ਸੋਧ ਕਰਕੇ ਕੈਪਟਨ ਸਰਕਾਰ ਵਲੋ ਲੋਕਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਖੋਹਣ ਲਈ ਸਿਆਸੀ ਸ਼ਹਿ ਤਹਿਤ ਡੰਮੀ ਬੋਲੀਆਂ ਕਰਵਾਈਆਂ ਜਾ ਰਹੀਆਂ ਹਨ। ਜਿਸਦੀ ਪ੍ਰਤੱਖ ਉਦਾਹਰਣ ਪਿੰਡ ਘਰਾਚੋਂ ਦੇ ਵਿੱਚ ਪਿਛਲੇ ਚਾਰ ਮਹੀਨਿਆਂ ਤੋ ਘੱਟ ਰੇਟ ਤੇ ਜ਼ਮੀਨ ਲੈਣ ਲਈ ਘੋਲ ਚੱਲ ਰਿਹਾ ਹੈ,ਜਦੋਕਿ ਚੋਣਾ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ 5000 ਪ੍ਰਤੀ ਏਕੜ ਨੂੰ ਠੇਕੇ ਤੇ ਜਮੀਨ ਦਿਤੀ ਜਾਵੇਗੀ।
ਨੋਟੀਫਿਕੇਸ਼ਨ ਹੁੰਦਿਆਂ ਹੋਇਆ ਵੀ ਨਜੂਲ ਜਮੀਨਾਂ ਦਾ ਮਾਲਕੀ ਹੱਕ ਲੋਕਾਂ ਨੂੰ ਨਹੀ ਦਿਤਾ ਜਾ ਰਿਹਾ। ਕਿਉਂਕਿ ਇਹ ਜ਼ਮੀਨਾਂ ਕਾਂਗਰਸੀ ਚੌਧਰੀਆਂ ਦੁਆਰਾ ਦੱਬੀਆਂ ਹੋਈਆਂ ਹਨ। ਇਸਤੋਂ ਬਿਨਾਂ ਬੁਲਾਰਿਆ ਨੇ ਕਿਹਾ ਕਿ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਨੂੰ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਬਣਾਇਆ ਜਾਵੇ ।ਆਗੂਆਂ ਨੇ ਕਿਹਾ ਕਿ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਅਤੇ 10 ਮਰਲੇ ਪਲਾਟ ਦੇਣ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਲਾਕਡਾਉਨ 'ਚ ਬਿਜਲੀ ਬਿਲਾਂ 'ਤੇ ਸਬਸਿਡੀ ਖਤਮ ਕਰਕੇ ਲੋਕਾਂ ਤੇ ਬੋਝ ਵਧਾਇਆ ਜਾ ਰਿਹਾ ਹੈ ਉਨ੍ਹਾਂ ਮੰਗ ਕੀਤੀ ਕਿ ਇਹ ਮੁਆਫ ਕੀਤੇ ਜਾਣ। ਨਰੇਗਾ ਦੇ ਕੰਮ ਦਾ ਸਮਾਂ ਅਤੇ ਦਿਹਾੜੀ ਵਧਾਉਣ ਦੀ ਮੰਗ ਵੀ ਕੀਤੀ। ਇਸਤੋਂ ਬਿਨਾਂ ਧਰਨੇ ਨੂੰ ਧਰਮਪਾਲ ਨੂਰਖੇੜੀਆ ,ਬਲਵੰਤ ਬੀਨਾਹੇੜੀ , ਜਗਤਾਰ ਤੋਲੇਵਾਲ, ਹਰਨੇਕ ਸਿੰਘ, ਗੁਰਚਰਨ ਸਿੰਘ ਘਰਾਚੋ, ਰਾਜ ਕੌਰ ਬਡਰੁਖਾਂ ਅਤੇ ਸ਼ਿੰਦਰ ਹੇੜੀਕੇ ਨੇ ਵੀ ਸੰਬੋਧਨ ਕੀਤਾ।