ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2020 - ਖੇਤੀ ਆਰਡੀਨੈਂਸਾਂ ਨੂੰ ਸੰਸਦ ’ਚ ਪਾਸ ਹੋਣ ਤੋ ਰੋਕਣ ਲਈ ਸੰਘਰਸ਼ ਕਰ ਕਰੇ ਕਿਸਾਨਾਂ ਖਿਲਾਫ ਪੰਜਾਬ ਸਰਕਾਰ ਸਖਤ ਹੋ ਗਈ ਹੈ। ਭਾਵੇਂ ਕਾਂਗਰਸੀ ਨੇਤਾ ਆਖਦੇ ਹਨ ਕਿ ਉਹ ਖੇਤੀ ਕਾਨੂੰਨਾਂ ’ਚ ਤਬਦੀਲੀਆਂ ਦੇ ਵਿਰੋਧ ’ਚ ਹਨ ਪਰ ਕਿਸਾਨ ਇਕੱਠਾਂ ਖਿਲਾਫ ਲਿਆ ਪੁਲਿਸ ਕੇਸ ਦਰਜ ਕਰਨ ਵਾਲਾ ਸਰਕਾਰੀ ਪੈਂਤੜਾ ਕਈ ਸਵਾਲ ਖੜੇ ਕਰਨ ਲੱਗਿਆ ਹੈ। ਪੰਜਾਬ ਪੁਲਿਸ ਨੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਕਰੀਬ 15 ਸੌ ਕਿਸਾਨਾਂ ਖਿਲਾਫ ਮੁਕੱਦਮੇ ਦਰਜ ਕਰ ਲਏ ਹਨ। ਬਠਿੰਡਾ ਜ਼ਿਲ੍ਹੇ ’ਚ ਦੋ ਥਾਣਿਆਂ ਦੀ ਪੁਲਿਸ ਨੇ 600 ਕਿਸਾਨਾਂ ਖਿਲਾਫ ਪੁਲਿਸ ਕੇਸ ਦਰਜ ਕੀਤੇ ਹਨ।
ਇੰਨ੍ਹਾਂ ’ਚ ਭਾਈ ਘਨਈਆ ਚੌਂਕ ਵਿੱਚ ਜਾਮ ਲਾਉਣ ਦੇ ਮਾਮਲੇ ’ਚ ਥਾਣਾ ਥਰਮਲ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪੁਰਨਾਲ ਸਬੰਧਤ ਕਿਸਾਨ ਆਗੂ ਕਾਕਾ ਸਿੰਘ ਕੋਟੜਾ,ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ,ਬੀਕੇਯੂ ਲੱਖੋਵਾਲ ਦੇ ਰਾਮਕਰਨ ਸਿੰਘ ਰਾਮਾ,ਦਾਰਾ ਸਿੰਘ ਮਾਈਸਰਖਾਨਾ,ਬੀਕੇਯੂ ਰਾਜੇਵਾਲ ਦੇ ਸਰਮੁਖ ਸਿੰਘ ਸੇਲਬਰਾਹ ਅਤੇ ਬੀਕੇਯੂ ਕਾਦੀਆਂ ਦੇ ਮੱਘਰ ਸਿੰਘ ਮੀਆਂ ਨੂੰ ਧਾਰਾ 188, 269, 270, 273ਤੇ ਸੈਕਸ਼ਨ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਨਾਮਜਦ ਕੀਤਾ ਹੈ ਜਦੋਂਕਿ ਇਸੇ ਕੇਸ ’ਚ 400 ਅਣਪਛਾਤੇ ਕਿਸਾਨ ਸ਼ਾਮਲ ਕੀਤੇ ਗਏ ਹਨ। ਐਫਆਈਆਰ ਮੁਤਾਬਕ ਕਿਸਾਨਾਂ ਨੇ ਭਾਈ ਘਨਈਆ ਚੌਂਕ ਜਾਮ ਕਰਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਇਸੇ ਤਰ੍ਹਾਂ ਹੀ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਵਾਸੀ ਜੀਦਾ, ਬੇਅੰਤ ਸਿੰਘ ਵਾਸੀ ਮਹਿਮਾ ਸਰਜਾ, ਸੁਖਦਰਸ਼ਨ ਸਿੰਘ ਵਾਸੀ ਖੇਮੂਆਣਾ, ਬਲਵਿੰਦਰ ਸਿੰਘ ਵਾਸੀ ਗੰਗਾ ਅਬਲੂ, ਰੇਸ਼ਮ ਸਿੰਘ ਵਾਸੀ ਜੀਦਾ, ਭੋਲਾ ਸਿੰਘ ਵਾਸੀ ਗੋਨਿਆਣਾ ਖੁਰਦ, ਕਰਨੈਲ ਸਿੰਘ ਵਾਸੀ ਗਿੱਦੜ ਤੇ 200 ਅਣਪਛਾਤੇ ਕਿਸਾਨਾਂ ਖਿਲਾਫਧਾਰਾ 188, 269, 270, 273ਤੇ ਸੈਕਸ਼ਨ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਨਾਮਜਦ ਕੀਤਾ ਹੈ। ਪੁਲਿਸ ਅਨੁਸਾਰ ਇਹ ਮੁਕੱਦਮਾਮੁਖਬਰੀ ਤੇ ਦਰਜ ਕੀਤਾ ਗਿਆ ਹੈ। ਮਿਤੀ15 ਸਤੰਬਰ ਨੂੰ ਮੁਲਜਮਾਂ ਨੇ ਪਿੰਡ ਜੀਦਾ ਕਸਲ ਨੈਸ਼ਨਲ ਹਾਈਵੇ ’ਤੇ ਟਰੈਕਟਰ, ਟਰਾਲੀਆਂ ਤੇ ਪਿਕਅਪ ਬਲੈਰੋ ਗੱਡੀਆਂ ਨਾਲ ਸੜਕ ਜਾਮ ਕਰਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਮਾਨਸਾ ਜ਼ਿਲ੍ਹੇ ਦੇ ਮਾਨਸਾ ਦੇ ਥਾਣਾ ਸਿਟੀ ਪੁਲਿਸ ਨੇ ਦੋ ਵੱਖ ਵੱਖ ਪੁਲਿਸ ਕੇਸ ਦਰਜ ਕੀਤੇ ਹਨ ਅਤੇ ਤੀਜਾ ਕੇਸ ਥਾਣਾ ਸਦਰ ਮਾਨਸਾ ’ਚ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮਾਨਸਾ ’ਚ ਦਰਜ ਮੁਕੱਦਮਾ ਨੰਬਰ 151 ’’ਚ ਧਾਰਾ 188,283 ਤੇ 269 ਵਿੱਚ 450 ਆਗੂ ਤੇ ਵਰਕਰ ਨਾਮਜਦ ਕੀਤੇ ਹਨ ਜਿੰਨਾਂ ’ਚ ਬੀਕੇਯੂ ਲੱਖੋਵਾਲ ਅਤੇ ਬੀਕੇਯੂ ਮਾਨਸਾ ਸ਼ਾਮਲ ਹੈ। ਵਿਸ਼ੇਸ਼ ਤੱਥ ਹੈ ਕਿ ਇਸ ਮੁਕੱਦਮੇ ’ਚ ਆੜਤੀਆ ਐਸੋਸੀਏਸ਼ਨ ਮਾਨਸਾ ਵੀ ਨਾਮਜਦ ਕੀਤੀ ਗਈ ਹੈ। ਪੁਲਿਸ ਮੁਤਾਬਕ ਇੰਨਾਂ ਨੇ ਰਾਮਦਿੱਤੇ ਵਾਲਾ ਚੌਕ ’ਚ ਆਪਣੀਆਂ ਗੱਡੀਆਂ ਸਮੇਤ ਚਾਰੇ ਪਾਸਿਓਂ ਆਵਾਜਾਈ ਰੋਕੀ ਹੋਈ ਹੈ ਜਦੋਂਕਿ ਸਰਕਾਰ ਨੇ ਕੋਵਿਡ-19 ਸਬੰਧੀ ਇੱਕਠੇ ਹੋਣ ਤੋ ਰੋਕਾਂ ਲਾਈਆਂ ਹੋਈਆਂ ਹਨ ।
ਇਸੇ ਤਰ੍ਹਾਂ ਥਾਣਾ ਸਿਟੀ ਮਾਨਸਾ ’ਚ ਪੁਲਿਸ ਨੇ ਸੀ.ਪੀ.ਆਈ ਐਮ.ਐਲ ਲਿਬਰੇਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉ, ਆਲ ਇੰਡੀਆ ਸਟੂਡੈਂਟ ਐਸੋਸ਼ੀਏਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸਿੰਘ ਵਾਸੀ ਮਾਨਸਾ, ਰੇਹੜੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ, ਬਲਵਿੰਦਰ ਸਿੰਘ ਉਰਫ ਆਲਖ ਵਾਸੀ ਮਾਨਸਾ,ਨਿੱਕਾ ਸਿੰਘ ਵਾਸੀ ਬਹਾਦਰਪੁਰ, ਉਗਰ ਸਿੰਘ ਜਿਲਾ ਪ੍ਰਧਾਨ, ਜਲੌਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮਾਨਸਾ ,ਗੁਰਤੇਜ ਸਿੰਘ ਤੇ ਜਸਪਾਲ ਸਿੰਘ ਜਿਲਾ ਕਮੇਟੀ ਮੈਂਬਰ ਅਤੇ 100 ਦੇ ਕਰੀਬ ਅਣਪਛਾਤਿਆਂ ਨੂੰ ਧਾਰਾ 188,269 ਤੇ ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਨਾਮਜਦ ਕੀਤਾ ਹੈ। ਐਫਆਈਆਰ ਅਨੁਸਾਰ ਇੰਨਾਂ ਨੇ ਤਿੰਨੇ ਆਰਡੀਨੈਂਸਾਂ ਨੂੰ ਰੱਦ ਅਤੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਕਰਜੇ ਮੁਆਫ ਕਰਵਾਉਣ ਲਈ ਬਿਨਾਂ ਮੰਨਜੂਰੀ ਤੋਂ ਧਰਨਾ ਲਾਇਆ। ਭੜਕਾਊ ਭਾਸ਼ਨ ਦਿੱਤੇ ਅਤੇ ਵੱਡਾ ਇਕੱਠ ਕਰਕੇ ਸਮਾਜਿਕ ਦੂਰੀ ਨਾ ਬਣਾਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਥਾਣਾ ਸਦਰ ਮਾਨਸਾ ਪੁਲਿਸ ਨੇ ਧਾਰਾ 188,269,283 ਤਹਿਤ ਬੀ ਕੇ ਯੂ (ਸਿੱਧੂਪਰ ),ਬੀ ਕੇ ਯੂ (ਕਾਦੀਆਂ) ਅਤੇ ਬੀ ਕੇ ਯੂ (ਰਾਜੇਵਾਲ) ਕਿਸਾਨ ਜਥੇਬੰਦੀਆਂ ਦੇ 200-250 ਅਣਪਛਾਤੇ ਵਰਕਰ ਨਾਮਜਦ ਕੀਤੇ ਹਨ।ਪੁਲਿਸ ਅਨੁਸਾਰ ਇੰਨਾਂ ਨੇ ਛਾਟੇ ਹਾਥੀਆਂ ਅਤੇ ਟਰੈਕਟਰ ਟਰਾਲੀਆਂ ਨਾਲ ਖਿਆਲਾ ਕਲਾਂ ਚੌਰਾਹਾ ਮਾਨਸਾ ਖੁਰਦ ਮੁੱਖ ਸੜਕ ਤੇ ਟਰੈਫਿਕ ਜਾਮ ਕੀਤਾ ਹੋਇਆ ਹੈ। ਪੁਲਿਸ ਅਨੁਸਾਰ ਇਨ੍ਹਾਂ ਨੇ ਧਰਨਾ ਲਾਉਣ ਦੀ ਮਨਜੂਰੀ ਨਹੀਂ ਲਈ ਹੋਈ ਸੀ ਅਤੇ ਮਾਸਕ ਵੀ ਨਹੀਂ ਪਹਿਨੇ ਹੋਏ ਹਨ। ਇਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਓਧਰ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ’ਚ ਤਬਦੀਲੀ ਪੰਜਾਬ ਦੇ ਕਿਸਾਨੀ ਢਾਂਚੇ ਨੂੰ ਤਬਾਹ ਕਰ ਦੇਵੇਗੀ ਇਸ ਲਈ ਇਸ ਤਰ੍ਹਾਂ ਦੇ ਕਾਲੇ ਕਾਨੂੰਨਾਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ।