ਰਾਜਵੰਤ ਸਿੰਘ
- ਮੁਕਤਸਰ-ਇੱਕ ਹੋਰ ਬਜ਼ੁਰਗ ਮਾਤਾ ਹੋਈ ਪੁੱਤ ਦੇ ਧੱਕੇ ਦਾ ਸ਼ਿਕਾਰ
- ਮਾਤਾ ਨੇ ਪੰਜਾਬ ਪੁਲਸ ਕੋਲ ਲਗਾਈ ਮਦਦ ਦੀ ਗੁਹਾਰ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ 2020 - ਮਾਂ ਸ਼ਬਦ ਦੀ ਵਿਆਖਿਆ ‘ਰੱਬ’ ਨਾਲ ਕੀਤੀ ਗਈ ਹੈ, ਪਰ ਪੰਜਾਬ ਵਿੱਚ ਅੱਜ ਵੀ ਹਜ਼ਾਰਾਂ ਮਾਵਾਂ ਬਿਨਾਂ ਸਾਂਭ ਸੰਭਾਲ ਤੋਂ ਬਿਰਧ ਆਸ਼ਰਮਾਂ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੀਆਂ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਤੋਂ ਸਾਮਣੇ ਆਇਆ ਹੈ ਜਿੱਥੇ ਇੱਕ 92 ਸਾਲਾ ਬਜ਼ੁਰਗ ਮਾਤਾ ਜਮੀਨ ਜ਼ਾਇਦਾਦ ਹੁੰਦੇ ਹੋਏ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਜਾਣਕਾਰੀ ਦਿੰਦਿਆਂ 92 ਸਾਲਾ ਬਜ਼ੁਰਗ ਦਲੀਪ ਕੌਰ ਪਤਨੀ ਸਵਰਗੀ ਸੁਬੇਗ ਸਿੰਘ ਵਾਸੀ ਤਾਮਕੋਟ ਨੇ ਆਪਣੇ ਹੀ ਪੁੱਤਰ ਸੁਖਰਾਜ ਸਿੰਘ ’ਤੇ ਕਥਿਤ ਦੋਸ਼ ਲਗਾਇਆ ਕਿ ਉਸ ਨੂੰ ਘਰੋਂ ਬੇ ਘਰ ਕਰਕੇ ਦਰ ਬ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ ਗਿਆ ਤੇ ਪੁੱਤਰ ਸੁਖਰਾਜ ਸਿੰਘ ਨੇ ਧੋਖੇ ਨਾਲ ਜ਼ਮੀਨ ਆਪਣੇ ਨਾਮ ਕਰਵਾ ਲਈ ਹੈ।
ਬਜ਼ੁਰਗ ਮਾਤਾ ਦਲੀਪ ਕੌਰ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਵਲੋਂ ਉਸ ਦੇ ਰਹਿਣ ਵਾਲਾ ਘਰ ਵੀ ਢਾਹ ਦਿੱਤਾ, ਜਦੋਂਕਿ ਉਸ ਦੀਆਂ ਤਿੰਨ ਧੀਆਂ ਵੀ ਹਨ, ਜਿੰਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ, ਪਰ ਉਕਤ ਸੁਖਰਾਜ ਸਿੰਘ ਵਲੋਂ ਆਪਣੀਆਂ ਭੈਣਾਂ ਨੂੰ ਵੀ ਘਰ ਆਉਣ ਤੋਂ ਰੋਕ ਦਿੱਤਾ ਗਿਆ। ਘਰੋਂ ਬੇ ਘਰ ਹੋਣ ਤੋਂ ਬਾਅਦ ਮਾਤਾ ਕਦੇ ਵੱਡੀ ਬੇਟੀ ਅਤੇ ਕਦੇ ਛੋਟੀ ਬੇਟੀ ਦੇ ਘਰ ਰਹਿਣ ਲਈ ਮਜ਼ਬੂਰ ਹੈ। ਅਖੀਰ ਮਾਤਾ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਆਪਣੇ ਪੁੱਤਰ ਸੁਖਰਾਜ ਸਿੰਘ ਦੇ ਖਿਲਾਫ ਜ਼ਿਲ੍ਹਾ ਪੁਲਸ ਮੁਖੀ ਨੂੰ ਇਕ ਦਰਖਾਸਤ ਦਿੱਤੀ ਹੈ। ਇਸ ਦਰਖਾਸਤ ਵਿਚ ਮਾਤਾ ਨੇ ਦੱਸਿਆ ਹੈ ਕਿ 1992 ਵਿਚ ਉਸ ਦੇ ਪਤੀ ਦਾ ਕਤਲ ਹੋ ਗਿਆ ਸੀ, ਜਿਸ ਤੋਂ ਬਾਅਦ ਮੇਰੇ ਪੁੱਤਰ ਨੇ ਮੈਨੂੰ ਵੀ ਘਰੋਂ ਕੱਢ ਦਿੱਤਾ। ਇਨਸਾਫ ਲਈ ਬਜ਼ੁਰਗ ਮਾਤਾ ਦਲੀਪ ਕੌਰ ਨੇ ਪੁਲਸ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਹੈ। ਇਸ ਵਿਚ ਪੁਲਸ ਪ੍ਰਸ਼ਾਸ਼ਨ ਵੱਲੋਂ ਥਾਣਾ ਲਖੇਵਾਲੀ ਦੇ ਏਐਸਆਈ ਕੋਲ ਤਫ਼ਤੀਸ਼ੀ ਰਿਪੋਰਟ ਭੇਜੀ ਹੈ। ਜਿਸ ਦੀ ਤਫ਼ਤੀਸ਼ ਗੁਰਮੀਤ ਸਿੰਘ ਏਐਸਆਈ ਕਰ ਰਹੇ ਹਨ।
ਕੀ ਕਹਿਣਾ ਸੁਖਰਾਜ ਸਿੰਘ ਦਾ
ਜਦੋਂ ਇਸ ਸਬੰਧੀ ਮਾਤਾ ਦਲੀਪ ਕੌਰ ਦੇ ਪੁੱਤਰ ਸੁਖਰਾਜ ਸਿੰਘ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਮਾਤਾ ਨੂੰ ਆਪਣੇ ਘਰ ਲਿਆਉਣ ਲਈ ਕਈ ਵਾਰ ਗਿਆ, ਪਰ ਮਾਤਾ ਮੇਰੇ ਨਾਲ ਆਉਣ ਨੂੰ ਤਿਆਰ ਨਹੀਂ ਹੈ, ਉਹ ਸਿਰਫ਼ ਕੁੜੀਆਂ ਕੋਲ ਰਹਿ ਕੇ ਹੀ ਖੁਸ਼ ਹੈ, ਜਦੋਂ ਮਾਤਾ ਦੀ ਪੈਨਸ਼ਨ ਬਾਰੇ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰਾ ਮਾਤਾ ਨਾਲ ਕੋਈ ਜੁਆਇੰਟ ਖਾਤਾ ਨਹੀਂ ਹੈ, ਉਹ ਦੀ ਪੈਨਸ਼ਨ ਉਸ ਦੇ ਖੁੱਦ ਦੇ ਖਾਤੇ ਵਿੱਚ ਆ ਰਹੀ ਤੇ ਕੁੜੀਆਂ (ਮੇਰੀਆਂ ਭੈਣਾਂ) ਨਾਲ ਜਾ ਕੇ ਪੈਨਸ਼ਨ ਕੱਢਵਾ ਕੇ ਲਿਆਂਉਦੀਆਂ ਹਨ। ਇਸ ਤੋਂ ਇਲਾਵਾ ਜਦੋਂ ਜਮੀਨ ਬਾਰੇ ਸੁਖਰਾਜ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸ ਨੇ ਜਮੀਨ ਆਪਣੇ ਬੇਟੇ ਦੇ ਨਾਮ ’ਤੇ ਕਰਵਾ ਦਿੱਤੀ ਹੈ, ਤੇ ਹੁਣ ਉਸ ਕੋਲ ਸ੍ਰੀ ਮੁਕਤਸਰ ਸਾਹਿਬ ਵਿਖੇ ਘਰ ਤੋਂ ਇਲਾਵਾ ਕੁੱਝ ਵੀ ਨਹੀਂ ਹੈ। ਉਸ ਨੇ ਮੀਡੀਆ ਰਾਹੀਂ ਵੀ ਮਾਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਆ ਕੇ ਮੇਰੇ ਨਾਲ ਰਹੇ ਅਤੇ ਮੈਂ ਉਸ ਦੀ ਸੇਵਾ ਕਰਨ ਲਈ ਤਿਆਰ ਹਾਂ। ਮੈਂ ਕਈ ਵਾਰ ਉਸ ਨੂੰ ਲੈਣ ਲਈ ਗਿਆ ਉਹ ਮੇਰੇ ਨਾਲ ਘਰ ਆਉਣ ਨੂੰ ਤਿਆਰ ਹੀ ਨਹੀਂ ਹੈ।
ਕੀ ਕਹਿਣਾ ਥਾਣਾ ਮੁੱਖੀ ਦਾ
ਇਸ ਸਬੰਧ ਵਿਚ ਥਾਣਾ ਲੱਖੇਵਾਲੀ ਦੀ ਮੁੱਖੀ ਮਾਇਆ ਦੇਵੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਮਿਲੀ ਹੈ, ਜਿਸ ’ਤੇ ਤਫ਼ਤੀਸ਼ ਚੱਲ ਰਹੀ ਹੈ, ਜਿਸ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ’ਤੇ ਕਾਰਵਾਈ ਕੀਤੀ ਜਾਵੇਗੀ।