ਜੀ ਐਸ ਪੰਨੂ
ਪਟਿਆਲਾ, 16 ਸਤੰਬਰ 2020 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਇਕ ਸ਼ੁੱਭ ਖ਼ਬਰ ਹੈ ਕਿ ਭਾਰਤ ਸਰਕਾਰ ਦੇ ਆਮਦਨ ਅਤੇ ਕਰ ਵਿਭਾਗ ਵੱਲੋਂ ਯੂਨੀਵਰਸਿਟੀ ਨੂੰ ਆਮਦਨ ਕਰ ਦੀ ਧਾਰਾ 80-ਜੀ ਵਾਲੀ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸੂਚੀ ਵਿਚ ਸ਼ਾਮਿਲ ਹੋਣ ਤੇ ਹੁਣ ਜੇਕਰ ਕੋਈ ਵੀ ਸ਼ੁਭਚਿੰਤਕ ਯੂਨੀਵਰਸਿਟੀ ਨੂੰ ਦਾਨ ਰਾਸ਼ੀ ਪ੍ਰਦਾਨ ਕਰੇਗਾ ਤਾਂ ਉਸ ਨੂੰ ਸੰਬੰਧਤ ਰਾਸ਼ੀ ਉੱਪਰ ਆਮਦਨ ਕਰ ਛੋਟ (ਟੈਕਸ ਰਿਬੇਟ) ਪ੍ਰਾਪਤ ਹੋਵੇਗੀ।
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹਾ ਹੋਣ ਨਾਲ ਨਿਸ਼ਚੇ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਫਾਇਦਾ ਹੋਵੇਗਾ ਕਿਉਂਕਿ ਸਭ ਸ਼ੁਭਚਿੰਤਕਾਂ ਨੂੰ ਸਹਾਇਤਾ ਦੇਣ ਲਈ ਹੋਰ ਉਤਸ਼ਾਹ ਪ੍ਰਾਪਤ ਹੋਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਦੇਸ ਅਤੇ ਵਿਦੇਸ਼ ਵਿਚ ਵਸਦੇ ਯੂਨੀਵਰਸਿਟੀ ਦੇ ਸਭ ਸ਼ੁਭਚਿੰਤਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਇਸ ਯੂਨੀਵਰਸਿਟੀ ਦੀ ਵਿੱਤੀ ਪੱਖ ਤੋਂ ਬਿਹਤਰੀ ਲਈ ਆਪਣਾ ਯੋਗਦਾਨ ਪਾਉਣ।
ਸਾਨੂੰ ਸਭ ਨੂੰ ਇਸ ਅਦਾਰੇ ਦੀ ਬਿਹਤਰੀ ਲਈ ਆਪੋ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਅਧਿਆਪਕ ਗੈਰ ਅਧਿਆਪਨ ਕਰਮਚਾਰੀ, ਵਿਦਿਆਰਥੀ, ਖੋਜਾਰਥੀ ਅਤੇ ਸਾਬਕਾ ਵਿਦਿਆਰਥੀ ਜੋ ਦੁਨੀਆਂ ਦੇ ਕੋਨੇ ਕੋਨੇ ਵਿਚ ਵੱਖ-ਵੱਖ ਵੱਕਾਰੀ ਰੁਤਬਿਆਂ ਉੱਪਰ ਬੈਠੇ ਹੋਏ ਹਨ, ਉਹ ਆਪਣੇ ਇਸ ਅਦਾਰੇ ਨਾਲ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਨ। ਇਸ ਲਈ ਹੁਣ ਯੂਨੀਵਰਸਿਟੀ ਨੂੰ ਦਾਨ ਦੇਣ ਵਾਲੇ ਅਜਿਹੇ ਸਭ ਸ਼ੁਭਚਿੰਤਕਾਂ ਨੂੰ ਯੂਨਵਿਰਸਿਟੀ ਦੀ ਸਹਾਇਤਾ ਵਿਚ ਕਰਨ ਵਿਚ ਫਾਇਦਾ ਹੋਵੇਗਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਸੰਬੰਧਤ ਰਾਸ਼ੀ ਉੱਪਰ ਆਮਦਨ ਕਰ ਤੋਂ ਛੋਟ ਪ੍ਰਾਪਤ ਹੋ ਜਾਵੇਗੀ।
ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਨੇ ਦੱਸਿਆ ਕਿ ਇਸ ਸੰਬੰਧੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਕੇਂਦਰ ਸਰਕਾਰ ਦੇ ਸੰਬੰਧਤ ਵਿਭਾਗ ਨੂੰ ਲਿਖਿਆ ਗਿਆ ਸੀ ਜਿਸ ਉੱਪਰ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇਸ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਸੋ ਆਮਦਨ ਕਰ ਛੋਟ ਸੰਬੰਧੀ ਵਿਭਾਗ ਵੱਲੋਂ ਲਿਖਤੀ ਆਗਿਆ ਪ੍ਰਦਾਨ ਕੀਤੀ ਗਈ ਹੈ। ਇਸ ਲਈ ਸਹਾਇਤਾ ਦੇਣ ਦੇ ਚਾਹਵਾਨ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖਾਤੇ ਵਿਚ ਰਾਸ਼ੀ ਭੇਜ ਕੇ ਆਪਣਾ ਯੋਗਦਾਨ ਪਾ ਸਕਦੇ ਹਨ ਤੇ ਦਾਨ ਦਾ ਦਾਨ ਤੇ ਪੁੰਨ ਦਾ ਪੁੰਨ ਨਾਲ ਇਨਕਮ ਟੈਕਸ ਛੋਟ। ਨਿਰਮਲ ਯੂਨੀਵਰਸਿਟੀ ਨੂੰ ਕਰਜ਼ੇ ਤੋਂ ਕੱਢਣ ਦਾ ਯਤਨ ਕੀਤਾ ਹੈ।