← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 16 ਸਤੰਬਰ ਫਾਜ਼ਿਲਕਾ ਜਿਲੇ ਵਿੱਚ ਹੁਣ ਤੱਕ ਕੁੱਲ 1114 ਲੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋ ਚੁੱਕੇ ਹਨ।ਅੱਜ 28 ਲੋਕਾਂ ਨੂੰ ਸਿਹਤਯਾਬ ਹੋਣ ਪਿਛੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਜ਼ਿਲੇ੍ਹ ਅੰਦਰ ਅੱਜ 55 ਨਵੇਂ ਕਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਹੁਣ ਕਰੋਨਾ ਦੇ 433 ਐਕਟਿਵ ਕੇਸ ਹਨ ਜਿੰਨਾ ਦਾ ਕੋਵਿਡ ਕੇਅਰ ਸੈਂਟਰਾਂ ਵਿੱਚ ਇਲਾਜ ਚੱਲ ਰਿਹਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਜਿਲਾ ਵਾਸੀਆਂ ਨੂੰ ਰੂ-ਬ-ਰੂ ਹੁੰਦਿਆਂ ਦਿੱਤੀ।ਉਨ੍ਹਾਂ ਦੱਸਿਆ ਕਿ ਜਿਲੇ੍ਹ ਅੰਦਰ ਹੁਣ ਤੱਕ 25 ਜਣਿਆਂ ਦੀ ਕਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਨੇ ਆਪਣਾ ਫੈਲਾਅ ਪੂਰੇ ਦੇਸ਼ ਵਿਚ ਕੀਤਾ ਹੋਇਆ ਹੈ ਤੇ ਅਸੀਂ ਸਾਰੇ ਇਸ ਸੰਕਟ ਨਾਲ ਜੂਝ ਰਹੇ ਹਾਂ।ਪੰਜਾਬ ਸਰਕਾਰ ਵੱਲੋਂ ਕਰੋਨਾਂ ਦੀ ਚੇਨ ਤੋੜਨ ਅਤੇ ਇਸ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੱਛਣ ਵਿਖਣ `ਤੇ ਤੁਰੰਤ ਅਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਕਰੋਨਾ ਟੈਸਟ ਕਰਵਾਈਏ ਤਾਂ ਜੋ ਸਮੇਂ ਸਿਰ ਇਸਦਾ ਇਲਾਜ ਕਰਵਾਇਆ ਜਾ ਸਕੇ ਅਤੇ ਇਸਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ । ਉਨਾਂ ਜ਼ਿਲਾ ਵਾਸੀਆਂ ਨੂੰ ਆਪਣੇ ਸੰਬੋਧਨ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਚਾਅ ਦਾ ਇਕੋ ਇਕ ਤਰੀਕਾ ਇਸ ਪ੍ਰਤੀ ਸਾਵਧਾਨੀਆਂ ਵਰਤਣਾ ਹੈ।ਇਸ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਜਿਵੇਂ ਕਿ ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਅਤੇ 2 ਗਜ਼ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਦੀ ਪਾਲਣਾ ਕਰਨਾ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਇਹੋ ਜਿਹੀਆਂ ਗੱਲਾਂ ਦਾ ਧਿਆਨ ਰੱਖ ਕੇ ਹੀ ਅਸੀਂ ਇਸ ਵਾਇਰਸ ਤੋਂ ਆਪਣੇ-ਆਪ ਅਤੇ ਹੋਰਨਾਂ ਨੂੰ ਬਚਾ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅੰਗ ਕੱਢੇ ਜਾਣ ਸਬੰਧੀ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ `ਤੇ ਖਾਸ ਨਜਰ ਰੱਖੀ ਜਾ ਰਹੀ ਹੈ ਤੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਵੀ ਆਰੰਭੀ ਜਾ ਰਹੀ ਹੈ। ਉਨਾਂ ਜਿਲਾ ਵਾਸੀਆਂ ਨੂੰ ਕਿਹਾ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵਾਇਰਸ ਤੇ ਫਤਿਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਗਿਆ ਹੈ ਜੇਕਰ ਸਾਰਿਆਂ ਦਾ ਸਹਿਯੋਗ ਹੋਵੇਗਾ ਤਾਂ ਇਸ ਵਾਇਰਸ ਤੇ ਜਿੱਤ ਪਾ ਕੇ ਇਸ ਮਿਸ਼ਨ ਨੂੰ ਸਫਲ ਬਣਾਇਆ ਜਾ ਸਕਦਾ ਹੈ।
Total Responses : 942