ਜੀ ਐਸ ਪੰਨੂ
- ਟੈਸਟਿੰਗ ਵਧੀ, ਮੌਤਾਂ ਦਾ ਅੰਕੜਾ ਪਿਛਲੇ ਹਫ਼ਤੇ ਨਾਲੋਂ ਘਟਿਆ
ਪਟਿਆਲਾ, 16 ਸਤੰਬਰ 2020 - ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੋਵਿਡ ਦੀ ਲਾਗ ਦੇ ਖਾਤਮੇ ਲਈ ਲੋਕਾਂ ਨੂੰ ਆਪਣੇ ਟੈਸਟ ਲਾਜ਼ਮੀ ਕਰਵਾਉਣੇ ਹੋਣਗੇ। ਉਨ੍ਹਾਂ ਲੋਕਾਂ ਨੂੰ ਕੋਵਿਡ ਨੂੰ ਹਰਾਉਣ ਲਈ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਸੱਦਾ ਦਿੱਤਾ ਹੈ ਕਿ ਲੋਕ ਕੋਵਿਡ ਟੈਸਟਾਂ, ਡਾਕਟਰਾਂ, ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਸਰਕਾਰ ਪ੍ਰਤੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ।
ਡਿਪਟੀ ਕਮਿਸ਼ਨਰ ਨੇ ਸ਼ਾਮ ਦੇ ਸਮੇਂ ਇੱਥੇ ਆਪਣਾ ਵਿਸ਼ੇਸ਼ ਸੁਨੇਹਾ ਦਿੰਦਿਆਂ ਕਿਹਾ ਕਿ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲਾ ਅਤੇ ਹਰ ਕੋਰੋਨਾ ਯੋਧਾ ਇਸ ਸਮੇਂ ਮਿਸ਼ਨ ਫ਼ਤਿਹ ਕੋਵਿਡ ਦੀ ਲਾਗ ਦੇ ਖਾਤਮੇ ਲਈ ਆਪਣੀਆਂ ਸੇਵਾਵਾਂ ਆਪਣੇ ਆਪੇ ਤੇ ਨਿੱਜਤਾ ਤੋਂ ਉਪਰ ਉਠਕੇ ਨਿਰੰਤਰ ਨਿਭਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਆਪਣੇ ਘਰਾਂ 'ਚ ਇਕਾਂਤਵਾਸ ਕੋਵਿਡ ਪੀੜਤਾਂ ਦੀ ਮੋਨੀਟਰਿੰਗ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜ਼ਿਲ੍ਹੇ 'ਚ ਹੁਣ ਤੱਕ 1 ਲੱਖ 20 ਹਜ਼ਾਰ ਤੋਂ ਵਧੇਰੇ ਟੈਸਟ ਹੋ ਚੁੱਕੇ ਹਨ ਅਤੇ 9176 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਸਨ, ਇਸ ਸਮੇਂ ਪਟਿਆਲਾ ਜ਼ਿਲ੍ਹੇ ਅੰਦਰ 1942 ਐਕਟਿਵ ਕੇਸ਼ ਹਨ, 6982 ਠੀਕ ਹੋਏ, 252 ਮੌਤਾਂ ਹੋਈਆਂ ਅਤੇ ਹੁਣ ਤੱਕ 1200 ਮਰੀਜ਼ ਘਰਾਂ 'ਚ ਏਕਾਂਤਵਾਸ ਹਨ, ਜਿਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਮੋਨੀਟਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਇਕਾਂਤਵਾਸ ਮਰੀਜ਼ਾਂ ਨੂੰ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ 104 ਨੰਬਰ 'ਤੇ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਟੈਸਟਿੰਗ ਦੀ ਦਰ ਵਧੀ ਹੈ ਪਰੰਤੂ ਮੌਤਾਂ ਦਾ ਅੰਕੜਾ ਪਿਛਲੇ ਇੱਕ ਹਫ਼ਤੇ ਨਾਲੋਂ ਘਟਿਆ ਹੈ ਪਰੰਤੂ ਕੇਸ਼ ਵੀ ਵਧੇ ਹਨ, ਜਿਸ ਲਈ ਲੋਕਾਂ ਨੂੰ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਇੱਕ ਵੀ ਕੇਸ਼ ਬਾਹਰ ਘੁੰਮਦਾ ਰਿਹਾ ਤਾਂ ਕੇਸ਼ ਵੱਧਦੇ ਜਾਣਗੇ, ਜਿਸ ਲਈ ਹਰੇਕ ਉਸ ਵਿਅਕਤੀ, ਜਿਸ ਨੂੰ ਕੋਰੋਨਾ ਦੇ ਕੋਈ ਲੱਛਣ ਹੋਣ ਜਾਂ ਉਹ ਕਿਸੇ ਪਾਜ਼ਿਟਿਵ ਕੇਸ਼ ਦੇ ਸੰਪਰਕ 'ਚ ਆਇਆ ਹੋਵੇ ਆਪਣੀ ਟੈਸਟਿੰਗ ਲਾਜਮੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਸਮੇਤ ਗੰਭੀਰ ਰੋਗਾਂ ਦੇ ਮਰੀਜ਼ਾਂ ਦਾ ਖਾਸ ਖਿਆਲ ਰੱਖਣ। ਜ਼ਿਲ੍ਹਾ ਪੁਲਿਸ ਵੱਲੋਂ ਰਾਤ ਦੇ ਕਰਫਿਊ 'ਚ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਨਾਲ ਹੀ ਅਫ਼ਵਾਹਾਂ ਫੈਲਾਉਣ ਵਾਲਿਆਂ 'ਤੇ ਵੀ ਸਿਕੰਜ਼ਾ ਕਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲੋਂ ਵਚਨਬੱਧ ਹੈ ਕਿ ਕੋਵਿਡ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾਵੇ, ਜਿਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਪਰੰਤੂ ਲੋਕਾਂ ਦਾ ਇਸ ਮਾਮਲੇ 'ਚ ਸਹਿਯੋਗ ਬਹੁਤ ਜਰੂਰੀ ਹੈ। ਜ਼ਿਕਰਯੋਗ ਹੈ ਕਿ ਲੋਕਾਂ ਦੀ ਮੰਗ ਹੈ ਕਿ ਕਰੋਨਾ ਮਰੀਜ਼ਾਂ ਦੀ ਦਿੱਖ ਉਨ੍ਹਾਂ ਨੂੰ ਦੇ ਵਾਰਸਾਂ ਨੂੰ ਲਿਖਣੀ ਚਾਹੀਦੀ ਹੈ।