ਲੋਕੇਸ਼ ਰਿਸ਼ੀ
- ਆਈ.ਜੀ. ਪਰਮਾਰ ਨੇ ਪੱਤਰਕਾਰਾਂ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ ਜਾਣਕਾਰੀ
ਗੁਰਦਾਸਪੁਰ, 17 ਸਤੰਬਰ 2020 - ਬਟਾਲਾ ਪੁਲਿਸ ਵੱਲੋਂ 3 ਅੰਤਰਰਾਸ਼ਟਰੀ ਸਮਗਲਰਾਂ ਸਮੇਤ 6 ਕਿੱਲੋ 557 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹੋਰ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਦੌਰਾਨ ਢੁੰਡਾਈ ਤਸਕਰੀ ਨਾਲ ਜੁੜੀਆਂ ਕਈ ਹੋਰ ਵੱਡੀਆਂ ਮੱਛੀਆਂ ਦੇ ਨਾਮ ਸਾਹਮਣੇ ਆਉਣ ਦੀ ਉਮੀਦ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਆਈ.ਜੀ. ਬਾਰਡਰ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਅੱਜ ਪੁਲਿਸ ਲਾਈਨ ਬਟਾਲਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਡੀ.ਐੱਸ.ਪੀ. ਫ਼ਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਐੱਸ.ਆਈ. ਸੁਖਰਾਜ ਸਿੰਘ ਐੱਸ.ਐੱਚ.ਓ. ਥਾਣਾ ਸਦਰ ਬਟਾਲਾ, ਐੱਸ.ਆਈ. ਦਲਜੀਤ ਸਿੰਘ ਐੱਸ.ਐੱਚ.ਓ. ਡੇਰਾ ਬਾਬਾ ਨਾਨਕ ਅਤੇ ਐੱਸ.ਆਈ. ਸੁਖਵਿੰਦਰ ਸਿੰਘ ਐੱਸ.ਐੱਚ.ਓ ਫ਼ਤਿਹਗੜ੍ਹ ਚੂੜੀਆਂ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ, ਫ਼ਤਿਹਗੜ੍ਹ ਚੂੜੀਆਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸ ਦੌਰਾਨ ਸਰਬਜੀਤ ਸਿੰਘ ਉਰਫ਼਼ ਸਾਬਾ ਪੁੱਤਰ ਕਰਨੈਲ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ, ਜਗਤਾਰ ਸਿੰਘ ਉਰਫ਼ ਦਇਆ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਰਣੀਆ ਥਾਣਾ ਲੋਪੋਕੇ ਅਤੇ ਸੁਰਜੀਤ ਸਿੰਘ ਉਰਫ਼ ਬਿੱਲੂ ਪੁੱਤਰ ਸਰਬਜੀਤ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ ਪਾਸੋਂ ਤਲਾਸ਼ੀ ਦੌਰਾਨ 157 ਗਰਾਮ ਹੈਰੋਇਨ ਸਮੇਤ ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ। ਇਸ ਸਬੰਧ ਵਿੱਚ ਥਾਣਾ ਫ਼ਤਿਹਗੜ੍ਹ ਚੂੜੀਆਂ ਵਿਖੇ ਦਰਜ ਮਾਮਲਾ ਦਰਜ ਕੀਤਾ ਗਿਆ ਹੈ।
ਆਈ.ਜੀ. ਪਰਮਾਰ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਦੇ ਸਬੰਧ ਪਾਕਿਸਤਾਨੀ ਸਮਗਲਰਾਂ ਨਾਲ ਹਨ। ਜੋ ਉਹ ਪਾਕਿਸਤਾਨੀ ਸਮਗਲਰਾਂ ਨਾਲ ਤਾਲ-ਮੇਲ ਕਰਕੇ ਭਾਰਤ-ਪਾਕਿਸਤਾਨ ਸਰਹੱਦ ਰਸਤੇ ਹੈਰੋਇਨ ਮੰਗਵਾ ਕੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ ਅਤੇ ਹੁਣ ਜੋ ਹੈਰੋਇਨ ਬਰਾਮਦ ਹੋਈ ਹੈ। ਉਹ ਪਾਕਿਸਤਾਨ ਤੋਂ ਮੰਗਵਾਈ ਹੈ ਅਤੇ ਹੈਰੋਇਨ ਦੀ ਜ਼ਿਆਦਾ ਖੇਪ ਬਾਰਡਰ ਦੇ ਨਜ਼ਦੀਕ ਵੱਖ-ਵੱਖ ਜਗ੍ਹਾ 'ਤੇ ਛੁਪਾ ਕੇ ਰੱਖੀ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਇੰਕਸ਼ਾਫ਼ ਕਰਨ ਉਪਰੰਤ ਇਸ ਕੇਸ ਦੀ ਕਮਾਂਡ ਰਛਪਾਲ ਸਿੰਘ ਐੱਸ.ਐੱਸ.ਪੀ. ਬਟਾਲਾ ਵੱਲੋਂ ਖ਼ੁਦ ਕੀਤੀ ਗਈ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦੇ ਹੀ ਏਰੀਆ ਦੇ ਥਾਣਾ ਲੋਪੋਕੇ ਦੇ ਪਿੰਡ ਕੱਕੜ ਸਾਈਡ ਦਰਿਆ ਰਾਵੀ ਤੋਂ ਪਾਰ ਜੰਗਲਾਤ ਵਿਭਾਗ ਦੀ ਜੋ ਜ਼ਮੀਨ ਹੈ। ਜਿੱਥੇ ਉਹ ਖੇਤੀ ਦੇ ਬਹਾਨੇ ਜਾਂਦੇ ਹਨ ਅਤੇ ਇਸੇ ਜੰਗਲਾਤ ਵਿਭਾਗ ਦੇ ਏਰੀਏ ਅਤੇ ਬਾਰਡਰ ਪੋਸਟ ਦੇ ਨਜ਼ਦੀਕ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਉਨ੍ਹਾਂ ਵੱਲੋਂ ਛੁਪਾ ਕੇ ਰੱਖੀ ਹੈ। ਜਿਸ ਤੇ ਐੱਸ.ਐੱਸ.ਪੀ. ਬਟਾਲਾ ਵੱਲੋਂ ਬੀ.ਐੱਸ.ਐੱਫ. ਅਧਿਕਾਰੀਆਂ ਨਾਲ ਤਾਲਮੇਲ ਕਰਕੇ ਆਪ ਖ਼ੁਦ ਕਮਾਂਡ ਕਰਦੇ ਹੋਏ ਪੁਲਿਸ ਪਾਰਟੀਆਂ ਸਮੇਤ ਗ੍ਰਿਫ਼ਤਾਰ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਦਰਿਆ ਰਾਵੀ ਤੋਂ ਪਾਰ ਪੁੱਜ ਕੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਝਾੜੀਆਂ ਵਿੱਚ ਲੁਕਾ ਕੇ ਰੱਖੇ ਟਰੈਕਟਰ ਹਾਲੈਂਡ 3630 ਦੇ ਸੱਜੇ ਟਾਇਰ ਵਿਚੋਂ 16 ਪੈਕਟ ਹੈਰੋਇਨ ਵਜ਼ਨੀ 5 ਕਿੱਲੋ 400 ਗਰਾਮ ਅਤੇ ਬੀ.ਓ.ਪੀ. ਕੱਕੜ 91/13-ਜੀ ਨਜ਼ਦੀਕ ਝਾੜੀਆਂ ਵਿਚੋਂ 4 ਪੈਕਟ ਹੈਰੋਇਨ ਵਜ਼ਨੀ 1 ਕਿੱਲੋਗਰਾਮ ਬਰਾਮਦ ਕੀਤੀ। ਇਸ ਤਰਾਂ ਤਿੰਨਾਂ ਮੁਲਜ਼ਮਾਂ ਪਾਸੋਂ 6 ਕਿੱਲੋ 557 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਦੋਸ਼ੀਆਂ ਪਾਸੋਂ ਪੁੱਛ-ਗਿੱਛ ਜਾਰੀ ਹੈ ਅਤੇ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।