ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2020 - ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨ ਗਈ ਆਮ ਆਦਮੀ ਪਾਰਟੀ ਨੂੰ ਪੰਜਾਬ ਪੁਲਿਸ ਨੇ ਬਾਦਲ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਪੁਲਿਸ ਵੱਲੋਂ ਪਿੰਡ ਦੇ ਬਾਹਰ ਵੱਡੇ ਬੈਰੀਕੇਡ ਲਾਏ ਹੋਏ ਸਨ। ਜਿਓਂ ਹੀ ਆਪ ਆਗੂ ਟਰੈਕਟਰਾਂ ਤੇ ਮਾਰਚ ਕਰਦੇ ਹੋਏ ਪੁੱਜੇ ਤਾਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜਤ ਨਹੀਂ ਦਿੱਤੀ। ਇਸ ਮੌਕੇ ਵੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ ’ਚ ਆਗੂਆਂ ਨੇ ਕੋਈ ਬਹੁਤਾ ਵਿਰੋਧ ਨਹੀਂ ਕੀਤਾ ਤਾਂ ਅਧਿਕਾਰੀਆਂ ਨੇ ਪਾਰਟੀ ਆਗੂਆਂ ਤੋਂ ਮੰਗ ਪੱਤਰ ਲਿਆ।
ਅੱਜ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਖੇਤੀ ਆਰਡੀਨੈਸਾਂ ਦੇ ਨਾਂਅ 'ਤੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਪੱਲੇਦਾਰਾਂ ਤੇ ਟਰਾਂਸਪੋਰਟਰਾਂ ਨੂੰ ਕਥਿਤ ਗੁੰਮਰਾਹ ਕਰਨ ਨੂੰ ਲੈਕੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਸੀ। ਵਿਰੋਧੀ ਧਿਰ ਨੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੀ ਅਗਵਾਈ ਹੇਠ ਵੱਖ ਵੱਖ ਹਲਕਿਆਂ ਦੇ ਵਲੰਟੀਅਰ ਪਿੰਡ ਨਰੂਆਣਾ ਵਿਖੇ ਇਕੱਤਰ ਹੋਏ ਅਤੇ ਰੋਸ ਮਾਰਚ ਸ਼ੁਰੂ ਕਰ ਦਿੱਤਾ ਜੋਕਿ ਬਾਦਲ ਪਿੰਫ ਦੇ ਬਾਹਰ ਸਮਾਪਤ ਹੋਇਆ।
ਪਾਰਟੀ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਆਖਿਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਖੇਤੀ ਆਰਡੀਨੈਂਸ ਖੇਤੀ ਲਈ ਲਾਹੇਵੰਦ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੀਡੀਆ ਵਿੱਚ ਇਹੋ ਦੁਰਹਾਇਆ ਸੀ ਜਦੋਂਕਿ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਆਖਿਆ ਕਿ ਜਦੋਂ ਹੁਣ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਪਿੰਡ ਬਾਦਲ ਵਿਖੇ ਮੋਰਚਾ ਸ਼ੁਰੂ ਕਰ ਦਿੱਤਾ ਅਤੇ ਮੁੱਖ ਵਿਰੋਧੀ ਪਾਰਟੀ ਆਪ ਨੇ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਘੇਰਾਬੰਦੀ ਕੀਤੀ ਤਾਂ ਬਾਦਲ ਇਸ ਮਸਲੇ ਉੱਤੇ ਯੂ- ਟਰਨ ਲੈਣ ਲੱਗੇ ਹਨ। ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖੇਤੀ ਆਰਡੀਨੈਸਾਂ ਦੇ ਨੂੰ ਲੈਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਆਰਡੀਨੈਂਸਾਂ ਦੀ ਨਜ਼ਰਸਾਨੀ ਲਈ ਬਣਾਈ ਕਮੇਟੀ ਵਿੱਚ ਕੈਪਟਨ ਵੱਲੋਂ ਦਿੱਤੀ ਸਹਿਮਤੀ ਦੀ ਗੱਲ ਆਖੀ ਹੈ।
ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਨੇਤਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਰਾਜਨੀਤੀ ਹੁਣ ਨਹੀਂ ਚੱਲ ਸਕਦੀ ਕਿਉਂਕਿ ਪੰਜਾਬ ਦੇ ਕਿਸਾਨ, ਆੜਤੀ, ਮਜ਼ਦੂਰ ਅਤੇ ਹਰ ਵਰਗ ਦੇ ਲੋਕ ਹੁਣ ਜਾਗਰੂਕ ਹੋ ਗਏ ਹਨ । ਉਨ੍ਹਾਂ ਕਿਹਾ ਕਿ ਦਿੱਲੀ ’ਚ ਕੁੱਝ ਕਹਿਣਾ ਅਤੇ ਪੰਜਾਬ ’ਚ ਕੁੱਝ ਹੋਰ ਬੋਲਣ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿਹਰਾ ਪੰਜਾਬ ਦੇ ਲੋਕਾਂ ਅੱਗੇ ਨੰਗਾ ਕਰ ਲਿਆ ਹੈ। ਇਸ ਮੌਕੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਹਲਕਾ ਤਲਵੰਡੀ ਸਾਬੋ ,ਐਡਵੋਕੇਟ ਨਵਦੀਪ ਸਿੰਘ ਜੀਦਾ, ਰਾਕੇਸ਼ ਪੁਰੀ,ਨੀਲ ਗਰਗ, ਅਨਿਲ ਠਾਕੁਰ, ਮਾਸਟਰ ਜਗਸੀਰ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।