ਪੰਜਾਬ ਵੈਟਨਰੀ ਯੂਨੀਵਰਸਿਟੀ ਨੇ ਕੁੱਤਿਆਂ ਲਈ ਬਣਾਇਆ ਬਲੱਡ ਬੈਂਕ
ਲੁਧਿਆਣਾ, 18 ਸਤੰਬਰ, 2020 : ਗੁਰੂ ਅੰਗ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਵਿਚ ਕੁੱਤਿਆਂ ਲਈ ਇਕ ਵਿਸ਼ੇਸ਼ ਬਲੱਡ ਬੈਂਕ ਬਣਾਇਆ ਗਿਆ ਹੈ। ਉੱਤਰੀ ਭਾਰਤ ਵਿਚ ਕੁੱਤਿਆਂ ਲਈ ਬਣਿਆ ਇਹ ਪਹਿਲਾ ਬਲੱਡ ਬੈਂਕ ਹੈ।
ਬਾਇਓਟੈਕਨਾਲੋਜੀ ਵਿਭਾਗ ਤੋਂ ਪ੍ਰਵਾਨਗੀ ਲੈਣ ਮਗਰੋਂ ਹੀ ਇਹ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਹੈ ਤਾਂ ਕਿ ਕੁੱਤਿਆਂ ਨੂੰ ਬਚਾਉਣ ਦੀ ਸੰਭਾਵਨਾ ਵੱਧ ਸਕੇ।
ਡਾ. ਸੁਕ੍ਰਿਤੀ ਸ਼ਰਮਾ ਨੇ ਦੱਸਿਆ ਕਿ ਅਸੀਂ ਹਰ ਸਾਲ ਘੱਟ ਤੋਂ ਘੱਟ 25 ਹਜ਼ਾਰ ਕੇਸ ਸੰਭਾਲਦੇ ਹਾਂ ਜਿਹਨਾਂ ਵਿਚੋਂ 500 ਤੋਂ 600 ਕੇਸ ਕੁੱਤਿਆਂ ਵਿਚ ਖੂਨ ਦੀ ਘਾਟ ਹੋ ਜਾਣ ਦੇ ਹੁੰਦੇ ਹਨ। ਇਕ ਕੇਸ ਵਿਚ ਤਾਂ ਕੁੱਤੇ ਵਿਚ ਸਿਰਫ 3 ਗ੍ਰਾਮ ਖੂਨ ਰਹਿ ਗਿਆ। ਸਾਨੂੰ ਉਸਨੂੰ ਖੂਨ ਚੜਉਣਾ ਪਿਆ ਤੇ ਇਹ ਵਧ ਕੇ ਸੱਤ ਗ੍ਰਾਮ ਹੋ ਗਿਆ। ਡਾਕਟਰ ਨੇ ਦੱਸਿਆ ਕਿ 25 ਵੱਖ ਵੱਖ ਰਾਜਾਂ ਨੇ ਕੁੱਤਿਆਂ ਲਈ ਬਲੱਡ ਬੈਂਕ ਸਥਾਪਿਤ ਕਰਨ ਵਾਸਤੇ ਪ੍ਰਵਾਨਗੀ ਮੰਗੀ ਹੈ। ਬਾਇਓਟੈਕਨਾਲੋਜੀ ਵਿਭਾਗ ਨੇ ਹਾਲੇ ਸਿਰਫ ਦੋ ਥਾਵਾਂ 'ਤੇ ਜਿਹਨਾਂ ਵਿਚੋਂ ਇਕ ਚੇਨਈ ਤੇ ਦੂਜਾ ਪੰਜਾਬ ਹੈ, ਵਿਚ ਇਹ ਬਲੱਡ ਬੈਂਕ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਸੰਸਥਾ ਨੇ ਹੁਣ ਤੱਕ 125 ਕੁੱਤਿਆਂ ਨੂੰ ਖੂਨ ਚੜਉਣ ਦਾ ਕੰਮ ਕੀਤਾ ਹੈ।