ਰਾਜਵੰਤ ਸਿੰਘ
- ਪਿੰਡਾਂ ਅੰਦਰ ਕਿਸਾਨਾਂ ਦੇ ਕਾਫ਼ਲੇ ਬਾਦਲ ਪੁੱਜਣੇ ਹੋਏ ਸ਼ੁਰੂ
- ਮੋਰਚੇ ਦੇ ਅਖ਼ੀਰਲੇ ਵੱਡੇ ਪੱਧਰ ’ਤੇ ਖੇਤਰ ਦੇ ਕਿਸਾਨ ਕਰਨਗੇ ਸ਼ਮੂਲੀਅਤ
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ 2020 - ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਸੂਬੇ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੌਜੂਦਾ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ 20 ਸਤੰਬਰ ਤੱਕ ਪੱਕੇ ਮੋਰਚੇ ਲਗਾਏ ਗਏ ਹਨ। ਪੱਕੇ ਮੋਰਚੇ ਵਿੱਚ ਸ਼ਾਮਲ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਵਰਗ ਦੇ ਔਰਤਾਂ ਦੇ ਮਰਦ ਲਗਾਤਾਰ ਮੋਰਚੇ ’ਤੇ ਡਟੇ ਹੋਏ ਹਨ। ਭਾਵੇਂ ਕਿ ਮੋਰਚੇ ਤੋਂ ਪਹਿਲਾਂ ਪ੍ਰਸ਼ਾਸ਼ਨ ਵੱਲੋਂ ਮੋਰਚਾ ਨਾ ਲਗਾਏ ਜਾਣ ਲਈ ਕਈ ਹੱਥ ਪੈਰ ਵੀ ਮਾਰੇ, ਪਰ ਸੰਘਰਸ਼ਕਾਰੀਆਂ ਦੀ ਗਿਣਤੀ ਦੇ ਪੱਖੋਂ ਪਿੰਡ ਬਾਦਲ ਵਿਖੇ ਇਹ ਮੋਰਚੇ ਆਖਿਰਕਾਰ ਲੱਗ ਹੀ ਗਿਆ ਹੈ। ਕਿਸਾਨਾਂ ਦਾ ਤਰਕ ਹੈ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਕਿਸਾਨੀ ਬਿਲਕੁਲ ਹੀ ਤਬਾਹ ਹੋ ਜਾਵੇਗੀ। ਤਿੰਨ ਖੇਤੀ ਆਰਡੀਨੈਂਸਾਂ ਤੋਂ ਇਲਾਵਾ ਬਿਜਲੀ ਬਿੱਲ 2020 ਦਾ ਵੀ ਵਿਰੋਧ ਜਾਰੀ ਹੈ। ਕਿਸਾਨਾਂ ਵੱਲੋਂ ਕਰੋ ਜਾਂ ਮਰੋ ਵਾਲੀ ਨੀਤੀ ਅਪਣਾ ਲਈ ਗਈ ਹੈ ਤੇ ਵੱਡੇ ਪੱਧਰ ’ਤੇ ਸਰਕਾਰ ਖ਼ਿਲਾਫ਼ ਛੇੜੀ ਇਸ ਜੰਗ ਵਿੱਚ ਹੁਣ ਖੇਤਰ ਦੇ ਕਿਸਾਨ ਆਗੂਆਂ ਤੇ ਬੀਬੀਆਂ ਨੇ ਵੀ ਕੁੱਦਣਾ ਸ਼ੁਰੂ ਕਰ ਦਿੱਤਾ ਹੈ। 20 ਸਤੰਬਰ ਤੱਕ ਚੱਲਣ ਵਾਲੇ ਇਸ ਮੋਰਚੇ ਲਈ ਤਰ੍ਹਾਂ-ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾਣ ਲੱਗੀਆਂ ਹਨ। ਸੂਤਰਾਂ ਮੁਤਾਬਿਕ ਮੋਰਚੇ ਦੇ ਆਖ਼ਰੀ ਦਿਨ 20 ਸਤੰਬਰ ਨੂੰ ਕਿਸਾਨਾਂ ਦੀ ਸ਼ਮੂਲੀਅਤ ਮੋਰਚੇ ਵਿੱਚ ਦੁੱਗਣੀ-ਤਿੱਗਣੀ ਹੋਣ ਵਾਲੀ ਹੈ, ਜੋ ਸਰਕਾਰ ਲਈ ਗਲੇ ਦੀ ਹੱਡੀ ਬਣ ਸਕਦੀ ਹੈ।
ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀਣ ਤੋਂ ਬਾਅਦ ਕਿਸਾਨਾਂ ਦਾ ਰੌਂਅ ਹੋਰ ਵਧਿਆ
ਪਿੰਡ ਬਾਦਲ ਵਿਖੇ ਪੱਕੇ ਮੋਰਚੇ ’ਤੇ ਬੈਠੇ ਕਿਸਾਨ ਤੇ ਮਜ਼ਦੂਰ ਆਗੂਆਂ ਵਿੱਚ ਹੁਣ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੌਂਅ ਸਖਤ ਹੋਣ ਲੱਗਾ ਹੈ। ਅੱਜ ਸਵੇਰੇ ਅਚਾਨਕ ਇੱਕ ਕਿਸਾਨ ਆਗੂ ਵੱਲੋਂ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਗਈ, ਜਿਸ ਤੋਂ ਬਾਅਦ ਉਸਨੂੰ ਬਠਿੰਡਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਸੰਘਰਸ਼ਕਾਰੀਆਂ ਦਾ ਰੌਂਅ ਹੋਰ ਸਖ਼ਤ ਹੋ ਗਿਆ ਹੈ, ਉਥੇ ਹੀ ਪਿੰਡਾਂ ਅੰਦਰੋਂ ਆਮ ਲੋਕਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਧਰਨੇ ਲਈ ਸਮਰਥਨ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਰਚੇ ’ਤੇ ਬੈਠੇ ਕਿਸਾਨਾਂ ਵੱੱਲੋਂ ਪ੍ਰਸ਼ਾਸਨ ’ਤੇ ਇਹ ਦੋਸ਼ ਵੀ ਲਗਾਇਆ ਗਿਆ ਸੀ ਕਿ ਉਨ੍ਹਾਂ ਲਈ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਸ੍ਰੀ ਮੁਕਤਸਰ ਸਾਹਿਬ ਤੋਂ ਮੋਰਚੇ ਲਈ ਜਾ ਰਹੇ ਆਪ ਆਗੂਆਂ ਨੂੰ ਵੀ ਪੁਲਸ ਪ੍ਰਸ਼ਾਸ਼ਨ ਵੱਲੋਂ ਪਿੰਡ ਦੀ ਹੱਦ ’ਤੇ ਹੀ ਰੋਕ ਲਿਆ ਗਿਆ ਸੀ। ਅਜਿਹੀਆਂ ਕੁੱਝ ਘਟਨਾਵਾਂ ਨਾਲ ਸੰਘਰਸ਼ਕਾਰੀਆਂ ਦਾ ਰੌਂਅ ਸਰਕਾਰ ਖ਼ਿਲਾਫ਼ ਤੇਜ ਹੋਣ ਲੱਗਾ ਹੈ। ਜੇਕਰ ਸਰਕਾਰ ਨੇ ਉਕਤ ਆਰਡੀਨੈਂਸਾਂ ਪ੍ਰਤੀ ਕੋਈ ਤੁਰੰਤ ਫੈਸਲਾ ਨਾ ਲਿਆ ਤਾਂ ਮੋਰਚੇ ਦੀ ਤਸਵੀਰ ਬਦਲ ਸਕਦੀ ਹੈ।
ਪਿੰਡਾਂ ਅੰਦਰ ਕਿਸਾਨਾਂ ਦੇ ਕਾਫ਼ਿਲੇ ਪਿੰਡ ਬਾਦਲ ਲਈ ਹੋ ਰਹੇ ਹਨ ਰਵਾਨਾ
ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਰਾਂ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਇਸ ਮੋਰਚੇ ਦਾ ਸਮਰਥਨ ਕੀਤਾ ਹੈ, ਉਥੇ ਹੀ ਪਿੰਡਾਂ ਅੰਦਰੋਂ ਕਿਸਾਨ ਤੇ ਮਜ਼ਦੂਰ ਵਰਗ ਨੇ ਹੁਣ ਇਸ ਮੋਰਚੇ ਵਿੱਚ ਪੁੱਜਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਤੋਂ ਆਪ ਆਗੂਆਂ ਤੇ ਵਰਕਰਾਂ ਦਾ ਇੱਕ ਵੱਡਾ ਕਾਫ਼ਲਾ ਬਾਦਲ ਮੋਰਚੇ ਲਈ ਰਵਾਨਾ ਹੋਇਆ ਸੀ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਗੁਰਾਂਦਿੱਤਾ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਪਿੰਡ ਮਹਾਂਬੱਧਰ ਤੇ ਭਾਗਸਰ ਤੋਂ ਕਿਸਾਨਾਂ ਦੇ ਕਾਫ਼ਿਲੇ ਬਾਦਲ ਮੋਰਚੇ ਲਈ ਰਵਾਨਾ ਹੋ ਗਏ ਹਨ। ਕਿਸਾਨ ਆਗੂ ਨੇ ਦੱਸਿਆ ਕਿ ਮੋਰਚੇ ਦੇ ਅਖ਼ੀਰਲੇ ਦਿਨ 20 ਸਤੰਬਰ ਨੂੰ ਵੱਡੇ ਪੱਧਰ ’ਤੇ ਕਿਸਾਨ ਬੱਸਾਂ ਭਰ ਕੇ ਮੋਰਚੇ ਵਿੱਚ ਪੁੱਜਣਗੇ। ਫ਼ਿਲਹਾਲ ਪਿੰਡਾਂ ਅੰਦਰੋਂ ਬਾਦਲ ਮੋਰਚੇ ਲਈ ਲੋਕਾਂ ਦਾ ਪੁੱਜਣਾ ਲਗਾਤਾਰ ਜਾਰੀ ਹੈ।
ਕੇਂਦਰੀ ਮੰਤਰੀ ਬੀਬਾ ਬਾਦਲ ਦੇ ਅਸਤੀਫੇ ’ਤੇ ਸਿਆਸਤ ਜਾਰੀ
ਖੇਤੀ ਆਰਡੀਨੈਂਸਾਂ ਸਬੰਧੀ ਕਿਸਾਨਾਂ ਦੇ ਹੱਕ ਵਿੱਚ ਨਿੱਤਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵੀਰਵਾਰ ਦੇਰ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫ਼ਾ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਬੀਬਾ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਇਸਨੂੰ ਕਿਸਾਨੀ ਦੇ ਪੱਖ ਵਿੱਚ ਇੱਕ ਹੋਰ ਕੁਰਬਾਨੀ ਵਜੋਂ ਪੇਸ਼ ਕੀਤਾ, ਜਿਸ ਤੋਂ ਬਾਅਦ ਬੀਬਾ ਬਾਦਲ ਅਸਤੀਫਾ ਦੇਣ ਨੂੰ ਵਿਰੋਧੀ ਪਾਰਟੀਆਂ ਵੱਲੋਂ ਨਾਟਕ ਕਰਾਰ ਦਿੱਤਾ ਜਾਣ ਲੱਗਾ ਹੈ। ਦੇਰ ਸ਼ਾਮ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬਾ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਡਰਾਮਾ ਕਰਾਰ ਦਿੰਦਿਆਂ ਅਕਾਲੀ ਦਲ-ਭਾਜਪਾ ’ਤੇ ਨਿਸ਼ਾਨਾ ਵੀ ਸਾਧਿਆ ਹੈ। ਉਥੇ ਹੀ ਹੋਰਨਾਂ ਵਿਰੋਧੀ ਪਾਰਟੀਆ ਵੱਲੋਂ ਬੀਬਾ ਬਾਦਲ ਦੇ ਅਸਤੀਫ਼ੇ ਪ੍ਰਤੀ ਵਿਰੋਧ ਵੀ ਜਾਰੀ ਹੈ। ਫ਼ਿਲਹਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਣ ਦੀ ਗੱਲ ਆਖ਼ੀ ਹੈ, ਪਰ ਇਸ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਕਿਸਾਨਾਂ ਦਾ ਰੁਖ਼ ਕਿਵੇਂ ਦਾ ਬਣਦਾ ਹੈ, ਇਸਦਾ ਪਤਾ ਮੋਰਚੇ ਦੇ ਅਖ਼ੀਰਲੇ ਦਿਨ ਹੀ ਲੱਗੇਗਾ।