ਜੀ ਐਸ ਪੰਨੂ
ਪਟਿਆਲਾ, 18 ਸਤੰਬਰ 2020 - ਪਿਛਲੇ ਸਮੇਂ ਦੌਰਾਨ ਹੋਏ ਅਧਿਆਪਕ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸ਼ਨਾਂ ਨੂੰ ਰੱਦ ਕਰਨ ਸਬੰਧੀ ਚਾਰ ਕੈਬਨਿਟ ਮੰਤਰੀਆਂ ਦੀ ਕਮੇਟੀ ਵੱਲੋਂ ਦਿੱਤੀ ਸਹਿਮਤੀ ਲਾਗੂ ਨਾ ਕਰਨ ਅਤੇ ਜਨਤਕ ਸਿੱਖਿਆ ਨੂੰ ਤਬਾਹੀ ਵੱਲ ਧੱਕਣ ਲਈ ਨਿੱਜੀਕਰਨ ਪੱਖੀ ਨੀਤੀਆਂ ਲਾਗੂ ਕਰਨ ਤੋਂ ਖਫਾ ਪਟਿਆਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੱਦੇ ‘ਤੇ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁੱਤਲ ਫੂਕ ਕੇ ਤਿੱਖੇ ਰੂਪ ਵਿੱਚ ਆਪਣੇ ਰੋਸ਼ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਅਤਿੰਦਰ ਘੱਗਾ, ਸਕੱਤਰ ਅਮਨਦੀਪ ਦੇਵੀਗੜ ,ਸੂਬਾ ਮੀਤ ਪ੍ਰਧਾਨ ਵਿਕਰਮ ਦੇਵ ਅਤੇ ਐਸ ਐਸ ਏ ਰਮਸਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਨੇ ਕਿਹਾ ਕਿ ਸੰਘਰਸ਼ਾਂ ਦੌਰਾਨ ਦਰਜ਼ ਪੁਲਿਸ ਕੇਸਾਂ ਬਹਾਨੇ ਰੋਕੇ 8886 ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਰੋਕਣ,ਆਦਰਸ਼ ਸਕੂਲ ਮੈਨੇਜਮੈਂਟਾਂ (ਪੀ.ਪੀ.ਪੀ. ਮੋਡ) ਵੱਲੋਂ ਕੀਤੇ ਘਪਲਿਆਂ ਨੂੰ ਉਜਾਗਰ ਕਰਨ ਵਾਲੇ 9 ਅਧਿਆਪਕ ਆਗੂਆਂ ਦੀ ਟਰਮੀਨੇਸ਼ਨ ਰੱਦ ਨਾ ਕਰਨ, ਅਧਿਆਪਕ ਤੇ ਸਿੱਖਿਆ ਮਾਰੂ ਫੈਸਲਿਆਂ ਖਿਲਾਫ ਡੱਟਣ ਵਾਲੇ ਅੰਮ੍ਰਿਤਸਰ ਜਿਲ੍ਹੇ ਦੇ ਆਗੂਆਂ ਜਰਮਨਜੀਤ ਸਿੰਘ ਛੱਜਲਵੱਡੀ, ਅਸ਼ਵਨੀ ਅਵਸਥੀ ਸਮੇਤ ਪੰਜ ਆਗੂਆਂ ਦੀ ਬੇਵਜਾ ਕੀਤੀ ਮੁਅੱਤਲੀ ਦੀ ਪੈਡਿੰਗ ਜਾਂਚ ਰੱਦ ਨਾ ਕਰਨ, ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰਾਂ ਬਲਕਾਰ ਸਿੰਘ ਵਲਟੋਹਾ ਅਤੇ ਸੁਖਵਿੰਦਰ ਸਿੰਘ ਚਾਹਲ ਨੂੰ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਦੀ ਸ਼ਹਿ `ਤੇ ਜਾਰੀ ਬੇ-ਬੁਨਿਆਦ ਚਾਰਜ਼ਸ਼ੀਟਾਂ ਰੱਦ ਨਾ ਕਰਨ, ਜਥੇਬੰਦਕ ਸੱਦੇ `ਤੇ ਟ੍ਰੇਨਿੰਗਾਂ ਦਾ ਬਾਇਕਾਟ ਕਰਨ ਵਾਲਿਆਂ ਨੂੰ ਜਾਰੀ ਨੋਟਿਸ ਰੱਦ ਨਾ ਕਰਨ ਅਤੇ ਤਨਖਾਹ ਕਟੌਤੀ ਦੇ ਫੈਸਲੇ ਨੂੰ ਧੱਕੇ ਨਾਲ ਲਾਗੂ ਕਰਵਾਉਣ ਲਈ ਵਿਕਟੇਮਾਇਜ਼ ਕੀਤੇ ਅਧਿਆਪਕਾਂ ਨੂੰ ਪਿੱਤਰੀ ਸਟੇਸ਼ਨਾਂ `ਤੇ ਮੁੜ ਹਾਜਰ ਨਾ ਕਰਵਾਉਣ ਸਮੇਤ ਹੋਰਨਾਂ ਵਿਕਟੇਮਾਈਜੇਸ਼ਨਾਂ ਰੱਦ ਨਾ ਕਰਨ ਵਿੱਚ ਸਿੱਖਿਆ ਸਕੱਤਰ ਵੱਲੋਂ ਲਗਾਤਾਰ ਅੜਿੱਕੇ ਲਗਾਏ ਜਾ ਰਹੇ ਹਨ। ਸਿਲੇਬਸ ਵਿੱਚ ਕਟੌਤੀ ਕਰਕੇ ਪੜਾਅਵਾਰ ਤੇ ਅਨੁਪਾਤਕ ਢੰਗ ਨਾਲ ਸਕੂਲ ਖੋਲਣ ਦਾ ਤਰੀਕਾਕਾਰ ਕੱਢਣ ਦੀ ਜਿੰਮੇਵਾਰੀ ਨਿਭਾਉਣ ਦੀ ਥਾਂ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਰਹੀ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦਾ ਜਬਰਨ ਬਦਲ ਦਿਖਾਉਣ ਦੀ ਨੀਤੀ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਦੀਆਂ ਮੁਅੱਤਲੀਆਂ ਕੀਤੀਆਂ ਜਾ ਰਹੀਆਂ ਹਨ।
ਡੀਟੀਐਫ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ,ਜ਼ਿਲਾ ਅਧਿਆਪਕ ਆਗੂ ਹਰਵਿੰਦਰ ਰੱਖੜਾ,ਗੁਰਜੀਤ ਘੱਗਾ, ਰਾਮਸ਼ਰਨ, ਸੁਖਦੇਵ ਸਿੰਘ ਅਤੇ ਹਰਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਸਕੱਤਰ ਵਲੋਂ ਸਰਕਾਰੀ ਢਾਂਚੇ ਦੇ ਸਮਾਨੰਤਰ ਆਪਣਾ ਗੈਰ-ਸੰਵਿਧਾਨਿਕ ਢਾਂਚਾ ਖੜਾ ਕਰਕੇ ਫਰਜੀਂ ਅੰਕੜੇ ਇਕੱਠੇ ਕਰਵਾਕੇ ਸਿੱਖਿਆ ਦੀ ਜੜੀ ਤੇਲ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਓ.ਡੀ.ਐੱਲ. ਸਿੱਖਿਆ ਪ੍ਰਾਪਤ ਅਧਿਆਪਕਾਂ ਨੂੰ ਰੈਗੂਲਰ ਨਾ ਕਰਕੇ ਖੱਜਲ ਖੁਆਰ ਕਰਨ, ਕੱਚੇ ਅਧਿਆਪਕਾਂ ਤੇ ਨਾਨ ਟੀਚਿੰਗ ਦੀ ਰੈਗੂਲਰਾਈਜੇਸ਼ਨ ਅਤੇ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਅੜਿੱਕਾ ਬਣਨ, ਪਰਖ ਸਮਾਂ ਮੁੜ ਤੋਂ ਦੋ ਸਾਲ ਕਰਕੇ ਪੂਰੇ ਸਕੇਲ, ਭੱਤੇ, ਸਲਾਨਾ ਵਾਧਾ ਅਤੇ ਏ.ਸੀ.ਪੀ. ਲਾਗੂ ਨਾ ਕਰਨ, ਬੇਮੌਕਾ ਤੇ ਬੇਲੋੜੀਆਂ ਆਨ ਲਾਈਨ ਮੀਟਿੰਗਾਂ ਰਾਹੀਂ ਅਤੇ ਸਿੱਖਿਆ ਵਿਭਾਗ ਦੀ ਧੱਕੇਸ਼ਾਹੀ ਭਰੀ ਨੀਤੀ ਸਦਕਾ ਘਰਾਂ ਤੋਂ ਦੂਰ ਨੌਕਰੀ ਕਰ ਰਹੇ ਅਧਿਆਪਕਾਂ ਦੇ ਬਦਲੀ ਕਰਵਾਉਣ ‘ਤੇ ਸਖਤ ਸ਼ਰਤਾਂ ਲਗਾ ਕੇ ਅਧਿਆਪਕ ਵਰਗ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ।
ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਚੇਤਾਵਨੀ ਦਿੱਤੀ ਕਿ ਮਸਲਿਆਂ ਦਾ ਸਹੀ ਹੱਲ ਨਾ ਹੋਣ ‘ਤੇ ਸੰਘਰਸ਼ਾਂ ਨੂੰ ਸਿੱਖਿਆ ਸਕੱਤਰ ਦੇ ਨਾਲ ਨਾਲ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵੱਲ ਸੇਧਿਤ ਕਰਦਿਆਂ ਅਧਿਆਪਕਾਂ ਦੀ ਵਿਆਪਕ ਲਾਮਬੰਦੀ ਕੀਤੀ ਜਾਵੇਗੀ।
ਇਸ ਮੌਕੇ ਭੁਪਿੰਦਰ ਸਿੰਘ,ਸੱਤਪਾਲ ਸਮਾਣਾ,ਹਰਵਿੰਦਰ ਬੇਲੂਮਾਜਰਾ,ਵਿਕਰਮਜੀਤ ਅਲੂਣਾ,ਸਾਦਿਕ ਮੁਹੰਮਦ,ਭਜਨ ਨੌਹਰਾ,ਸੁਖਵੀਰ ਸਿੰਘ,ਦਵਿੰਦਰ ਸਿੰਘ,ਚਮਕੌਰ ਸਿੰਘ,ਮੈਡਮ ਜੈਕੀ,ਮੈਡਮ ਸੋਨੀਆ,ਰਾਜਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਹਾਜ਼ਰੀ ਲਵਾਈ।