ਅਮਰੀਕਾ : ਤੇਲ ਪੁਆਉਣ ਦੀ ਵਾਰੀ ਨੂੰ ਲੈ ਕੇ ਦੋ ਪੰਜਾਬੀ ਟੱਰਕ ਡਰਾਈਵਰਾਂ 'ਚ ਲੜਾਈ, ਇਕ ਗੰਭੀਰ ਜ਼ਖ਼ਮੀ, ਦੂਜਾ ਗ੍ਰਿਫਤਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਸੈਂਟਾ-ਨੈਲਾ (ਕੈਲੀਫੋਰਨੀਆਂ), 19 ਸਤੰਬਰ 2020 :
ਅਮਰੀਕਾ ਕੈਨੇਡਾ ਵਿਚ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡ੍ਰਾਈਵਿੰਗ ਦਾ ਧੰਦਾ ਕਰਦੇ ਹਨ ਅਤੇ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। ਅਮੈਰਕਿੰਨ ਟਰੱਕਿੰਗ ਇੰਡਸਟਰੀ ਤੋਂ ਅੱਜ ਬੜੀ ਮਾੜੀ ਖ਼ਬਰ ਪ੍ਰਾਪਤ ਹੋਈ ਕਿ ਕੈਲੀਫੋਰਨੀਆਂ ਦੇਫਰੀਵੇਅ 5 ਤੇ ਪੈਂਦੇ ਸ਼ਹਿਰ ਸੈਂਟਾ-ਨੈਲਾ ਦੇ ਪੈਟਰੋ ਟਰੱਕ ਸਟਾਪ ‘ਤੇ ਤੇਲ ਪਵਾਉਣ ਦੀ ਵਾਰੀ ਨੂੰ ਲੈ ਕੇ ਦੋ ਪੰਜਾਬੀ ਟਰੱਕ ਡ੍ਰਾਈਵਰਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋਗਈ, ਹੱਥੋਂ ਪਾਈ ਮਗਰੋਂ ਗੱਲ ਵੱਢ-ਟੁੱਕ ਤੱਕ ਪਹੁੰਚ ਗਈ। ਸੈਕਰਾਮੈਂਟੋ ਨਿਵਾਸੀ ਕੁਲਦੀਪ ਸਿੰਘ ਸੰਧੂ, ਜੋ ਅੰਮ੍ਰਿਤਧਾਰੀ ਹੈ, ਨੇ ਆਪਣੀ ਗਾਤਰੇ ਵਾਲੇ ਕਿਰਪਾਨ ਨਾਲ ਦੂਸਰੇ ਡਰਾਈਵਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਉਸਨੂੰ ਨੂੰ ਪੰਪਾਂ ਤੇ ਤੇਲ ਪਵਾਉਣ ਨੂੰ ਲੈਕੇ ਹੋਏ ਝਗੜੇ ਮਗਰੋਂ ਦੂਸਰੇ ਡਰਾਈਵਰ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਇਰਾਦਾ ਕਤਲ ਕੇਸ ਵਿਚ ਮਰਸਿੱਡ ਕਾਉਂਟੀ ਸ਼ੈਰਫ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾਂ ਅੱਜ ਸਵੇਰੇ 9 ਵਜੇ ਦੀ ਹੈ।ਸੁਣਨ ਵਿੱਚ ਆਇਆ ਕਿ ਸ਼ਾਇਦ ਦੂਸਰਾ ਡਰਾਈਵਰ ਵੀ ਪੰਜਾਬੀ ਹੀ ਸੀ। ਉਸਨੂੰ ਗੰਭੀਰ ਹਾਲਤ ਵਿੱਚ ਹੈਲੀਕਾਪਟਰ ਰਾਹੀ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਨੇ ਜਖਮੀ ਡਰਾਈਵਰ ਦੀ ਪਹਿਚਾਣ ਜਾਰੀ ਨਹੀਂ ਕੀਤੀ।