ਮਨਿੰਦਰਜੀਤ ਸਿੱਧੂ
ਜੈਤੋ, 19 ਸਤੰਬਰ 2020 - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਲਈ ਲਿਆਂਦੇ ਗਏ ਤਿੰਨ ਬਿੱਲ ਜਿਨ੍ਹਾਂ ਨੂੰ ਮੋਦੀ ਵੱਲੋਂ ਕਿਸਾਨ ਹਿਤੈਸ਼ੀ ਦੱਸਿਆ ਜਾ ਰਿਹਾ ਹੈ, ਇਹ ਬਿੱਲ ਕਿਸਾਨ ਹਿਤੈਸ਼ੀ ਨਾ ਹੋਕੇ ਕਿਸਾਨਾਂ ਦੀ ਮੌਤ ਦੇ ਵਾਰੰਟ ਜਾਪਦੇ ਹਨ ਇਹਨਾਂ ਸਬਦਾਂ ਦਾ ਪ੍ਰਗਟਾਵਾ ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨ ਇਸ ਵਕਤ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਇਸ ਖੇਤੀ ਮਾਰੂ ਬਿੱਲਾਂ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰੇ ਹੋਏ ਹਨ। ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਰਾਜ ਕਰਨ ਵਾਲੀਆਂ ਪਾਰਟੀਆਂ ਚਾਹੇ ਉਹ ਬੀ.ਜੇ.ਪੀ. ਹੋਵੇ ਚਾਹੇ ਕਾਂਗਰਸ ਦੋਨਾਂ ਸਰਕਾਰਾਂ ਨੇ ਕਿਸਾਨੀ ਨੂੰ ਡੋਬਣ ਵਿੱਚ ਕੋਈ ਕਸਰ ਨਹੀਂ ਛੱਡੀ। ਮੋਦੀ ਸਰਕਾਰ ਨੇ ਦੇਸ਼ ਦੇ ਹਰ ਵਰਗ ਨੂੰ ਤਬਾਹ ਕਰਨ ਦੀ ਨੀਤੀ ਬਣਾਈ ਹੋਈ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਖਿਲਾਫ ਲਿਆਂਦੇ ਤਿੰਨੋਂ ਬਿੱਲ ਜਲਦ ਤੋਂ ਜਲਦ ਵਾਪਿਸ ਲੈਣੇ ਚਾਹੀਦੇ ਹਨ ਨਹੀ ਤਾਂ ਉਹ ਦਿਨ ਦੂਰ ਨਹੀਂ ਜਦ ਦੇਸ਼ ਦਾ ਕਿਸਾਨ ਦਿੱਲੀ ਦੇ ਤਖਤ ਨੂੰ ਹਿਲਾ ਕੇ ਰੱਖ ਦੇਵੇਗਾ। ਸਾਡੀ ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਕਿਸਾਨਾਂ ਵੱਲੋਂ ਕੀਤੇ ਜਾ ਰਹੇ ਹਰ ਅੰਦੋਲਨ ਨੂੰ ਆਮ ਆਦਮੀ ਪਾਰਟੀ ਦਾ ਪੂਰਨ ਸਮਰਥਨ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਹਰ ਵਰਗ ਨੂੰ ਕਿਸਾਨਾਂ ਦੇ ਨਾਲ ਖੜਨ ਦੀ ਲੋੜ ਹੈ, ਜੇਕਰ ਕਿਸਾਨ ਬਚੇਗਾ ਤਾਂ ਹੀ ਦੇਸ਼ ਬਚ ਸਕਦਾ ਹੈ। ਇਸ ਮੌਕੇ ਸੀਨੀਅਰ ਆਗੂ ਲਛਮਣ ਬਿਸ਼ਨੰਦੀ, ਬਲਰਾਜ ਬਿਸ਼ਨੰਦੀ, ਲਖਵਿੰਦਰ ਸਿੰਘ ਰੋੜੀਕਪੂਰਾ, ਬਾਬਾ ਲਛਮਣ ਦਾਸ, ਹਰਜਿੰਦਰ ਸਿੰਘ ਢਿੱਲਵਾਂ, ਹਰਮਨ ਸਿੰਘ ਅਜਿੱਤ ਗਿੱਲ, ਅਚਾਰੀਆ ਸ਼ੁਸੀਲ ਕੁਮਾਰ ਸ਼ਰਮਾ ਆਦਿ ਹਾਜਰ ਸਨ।