ਅਸ਼ੋਕ ਵਰਮਾ
ਬਠਿੰਡਾ, 19 ਸਤੰਬਰ 2020 - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਲੱਗੇ ਬਾਦਲ ਮੋਰਚੇ ਦੇ ਪੰਜਵੇਂ ਦਿਨ ਅੱਜ ਔਰਤ ਬੁਲਾਰਿਆਂ ਨੇ ਅਜੋਕੇ ਹਾਲਾਤਾਂ ਵਿੱਚ ਸਮੂਹ ਵਰਗਾਂ ਦੇ ਸੰਗਮ ਨਾਲ ਮੋਦੀ ਸਰਕਾਰ ਡਟਣ ਅਤੇ ਮੋਰਚੇ ਨੂੰ ਦੇਖਦਿਆਂ ਚੱਲੀਆਂ ਜਾਣ ਵਾਲੀਆਂ ਸਿਆਸੀ ਚਾਲਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਅੱਜ ਮੋਰਚੇ ’ਚ ਇਹ ਗੱਲ ਉੱਭਰੀ ਕਿ ਹੁਣ ਸਿਰਫ ਵਿਰੋਧ ਕਰਕੇ ਹੀ ਨਹੀਂ ਸਰਨਾਂ ਬਲਕਿ ਘਰਾਂ ਦੀਆਂ ਬਰੂਹਾਂ ਟੱਪ ਕੇ ਨਿੱਤਰਨਾ ਪਵੇਗਾ ਨਹੀਂ ਤਾਂ ਧਨਾਢਾਂ ਨੇ ਜ਼ਮੀਨਾਂ ਖਾ ਜਾਣੀਆਂ ਹਨ। ਮੋਰਚੇ ਦੀ ਅਗਵਾਈ ਕਰ ਰਹੀ ਕਾਰਜਕਾਰੀ ਸੂਬਾ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਕਾਲੀ ਦਲ ਬਾਦਲ ਖੇਤੀ ਆਰਡੀਨੈਂਸ ਲਿਆਉਣ ਦਾ ਅਧਾਰ ਬਣੀਆਂ ਉਹਨਾਂ ਸਮੁੱਚੀਆਂ ਨੀਤੀਆਂ ਖ਼ਿਲਾਫ਼ ਹਕੀਕੀ ਤੇ ਡਟਵੇਂ ਵਿਰੋਧ ਦਾ ਪੈਂਤੜਾ ਲੈ ਕੇ ਇਹਨਾਂ ਨੀਤੀਆਂ ਨਾਲੋਂ ਤੋੜ ਵਿਛੋੜੇ ਦਾ ਐਲਾਨ ਕਰੇ ਜੋ ਕਿਸਾਨੀ ਦੇ ਉਜਾੜੇ ਦਾ ਸਾਧਨ ਬਣੀਆਂ ਹੋਈਆਂ ਹਨ, ਜਿਨਾਂ ’ਚ ਵਿਸ਼ਵ ਵਪਾਰ ਸੰਸਥਾ ਨਾਲ ਕੀਤਾ ਸਮਝੌਤਾ ਅਤੇ ਨਿੱਜੀਕਰਨ ਦੀਆਂ ਨੀਤੀਆਂ ਆਦਿ ਪ੍ਰਮੁੱਖ ਹਨ।
ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਦੇ ਭਾਈਵਾਲ ਬਾਦਲਾਂ ਦੇ ਘਰ ਅੱਗੇ ਖੇਤੀ ਆਰਡੀਨੈਂਸਾਂ ਖਿਲਾਫ਼ ਲੱਗਿਆ ਮੋਰਚਾ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ਮੰਤਰੀ ਦੇ ਪਦ ਤੋਂ ਅਸਤੀਫ਼ਾ ਦੇਣ ਦੇ ਬਾਵਜੂਦ ਵੀ ਭਖਾਇਆ ਜਾਏਗਾ ਕਿਉਕਿ ਇਹ ਸੰਘਰਸ਼ ਦੇ ਦਬਾਅ ਤਹਿਤ ਚੁੱਕਿਆ ਕਦਮ ਹੀ ਹੈ ਜੋ ਕਿਸਾਨੀ ’ਚੋਂ ਖੁਰ ਗਈ ਆਪਣੀ ਸਿਆਸੀ ਸ਼ਾਖ਼ ਬਚਾਉਣ ਦਾ ਹੀ ਯਤਨ ਹੈ। ਬਾਦਲਾਂ ਦੇ ਘਰ ਅੱਗੇ ਚੱਲ ਰਹੇ ਮੋਰਚੇ ’ਚ ਜਿੱਥੇ ਕਿਸਾਨ ਤੇ ਕਿਸਾਨ ਔਰਤਾਂ ਵੱਡੀ ਤਦਾਦ ’ਚ ਸ਼ਾਮਲ ਹੋ ਰਹੀਆਂ ਹਨ ਉੱਥੇ ਨੌਜਵਾਨ, ਖੇਤ ਮਜ਼ਦੂਰ, ਆਰ.ਐਮ.ਪੀ. ਡਾਕਟਰ, ਅਧਿਆਪਕ ਤੇ ਠੇਕਾ ਮੁਲਾਜ਼ਮਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਵੀ ਜਥਿਆ ਦੇ ਰੂਪ ’ਚ ਪਹੁੰਚ ਕੇ ਕਿਸਾਨ ਮੋਰਚੇ ਨੂੰ ਤਾਕਤ ਤੇ ਉਤਸ਼ਾਹ ਬਖ਼ਸ਼ ਰਹੇ ਹਨ। ਅੱਜ ਡੀ.ਟੀ.ਐਫ. ਦੀ ਅਗਵਾਈ ਹੇਠ ਅਧਿਆਪਕਾਂ ਦੇ ਵੱਡੇ ਜਥੇ ਵੱਲੋਂ ਬਠਿੰਡਾ ਤੋਂ ਬਾਦਲ ਤੱਕ ਮੋਟਰਸਾਈਕਲ ਮਾਰਚ ਕਰਕੇ ਮੋਰਚੇ ’ਚ ਸ਼ਮੂਲੀਅਤ ਕੀਤੀ ਗਈ। ਮੋਰਚੇ ਦੌਰਾਨ ਖੁਦਕੁਸ਼ੀ ਕਰ ਗਏ ਮਾਨਸਾ ਜ਼ਿਲੇ ਦੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਕਿਸਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ ਤੇ ਅਜੇਪਾਲ ਸਿੰਘ ਘੁੱਦਾ ਤੋਂ ਇਲਾਵਾ ਅਮਰਜੀਤ ਸਿੰਘ ਸੈਦੋਕੇ, ਰਾਮ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ ਬੱਗੀ, ਪਰਮਜੀਤ ਕੌਰ ਪਿੱਥੋਂ, ਕੁਲਦੀਪ ਕੌਰ ਕੁੱਸਾ, ਸੁਖਮੰਦਰ ਸਿੰਘ ਵਜੀਦਕੇ, ਪੂਰਨ ਸਿੰਘ ਦੋਦਾ, ਸਰਬਜੀਤ ਸਿੰਘ ਮੋੜ, ਅਧਿਆਪਕ ਆਗੂ ਦਿਗਵਿਜੇ ਪਾਸ ਸ਼ਰਮਾ ਤੇ ਸੁਖਵਿੰਦਰ ਸਿੰਘ ਸੁੱਖੀ, ਦੀਦਾਰ ਸਿੰਘ ਮੁੱਦਕੀ, ਆਰ.ਐਮ.ਪੀ. ਡਾਕਟਰ ਯੂਨੀਅਨ ਦੇ ਆਗੂ ਗੁਰਦੀਪ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਅਤੇ ਖੇਤ ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਆਰਡੀਨੈਂਸਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਸਮੇਤ ਐਨ.ਡੀ.ਏ. ਦੀਆਂ ਵਿਰੋਧੀ ਵੱਖ-ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ ਭਾਵੇਂ ਅੱਜ ਇਹਨਾਂ ਆਰਡੀਨੈਂਸਾਂ ਖਿਲਾਫ਼ ਬੋਲ ਰਹੀਆਂ ਹਨ ਪਰ ਇਹ ਸਭੈ ਪਾਰਟੀਆਂ ਕਿਸਾਨ ਵਿਰੋਧੀ ਨੀਤੀਆਂ ’ਤੇ ਇੱਕਮੱਤ ਹਨ, ਇਸ ਲਈ ਕਿਸਾਨਾਂ ਨੂੰ ਇਹਨਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।
ਉਹਨਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਮੇਤ ਸਮੂਹ ਕਿਰਤੀ ਲੋਕਾਂ ਦੀ ਪੁੱਗਤ ਤੇ ਖੁਸ਼ਹਾਲੀ ਲਈ ਮੌਜੂਦਾ ਤਿੰਨੇ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਾਉਣ ਤੋਂ ਅੱਗੇ ਤਿੱਖੇ ਜ਼ਮੀਨੀ ਸੁਧਾਰਾਂ ਰਾਹੀਂ ਮਜ਼ਦੂਰਾਂ ਕਿਸਾਨਾਂ ਦੀ ਜ਼ਮੀਨੀ ਤੋਟ ਦੂਰ ਕਰਾਉਣ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰਾਉਣ, ਸਰਕਾਰੀ ਖਜ਼ਾਨੇ ਦਾ ਮੂੰਹ ਕਿਸਾਨਾਂ ਮਜ਼ਦੂਰਾਂ ਤੇ ਲੋਕਾਂ ਵੱਲ ਖੁਲਵਾਉਣ ਅਤੇ ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਸਮਝੌਤੇ ਅਤੇ ਨਿੱਜੀਕਰਨ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਰੱਦ ਕਰਾਉਣ ਆਦਿ ਕਦਮਾਂ ਦੀ ਜ਼ਾਮਨੀ ਲਈ ਵਿਸ਼ਾਲ ਤੇ ਜੁਝਾਰ ਕਿਸਾਨ ਲਹਿਰ ਉਸਾਰਨ ਦਾ ਸੱਦਾ ਦਿੱਤਾ।ਇਸ ਮੌਕੇ ਇਕੱਠ ਵੱਲੋਂ ਕੈਪਟਨ ਸਰਕਾਰ ਦੁਆਰਾ ਜਾਅਲੀ ਪੈਨਸ਼ਨਾਂ ਲੈਣ ਦੇ ਨਾਂ ਹੇਠ ਮਜ਼ਦੂਰ ਕਿਸਾਨ ਮਰਦ ਔਰਤਾਂ ਤੋਂ ਹਜ਼ਾਰਾਂ ਰੁਪਏ ਵਾਪਸ ਕਰਾਉਣ ਲਈ ਭੇਜੇ ਜਾ ਰਹੇ ਧਮਕੀ ਭਰੇ ਤੇ ਜ਼ਲੀਲ ਕਰੂ ਨੋਟਿਸਾਂ ਦੀ ਤਿੱਖੀ ਨੁਤਕਾਚੀਨੀ ਕਰਦਿਆਂ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਭੇਜੇ ਹੋਏ ਨੋਟਿਸ ਵਾਪਸ ਲੈਣ ਦੀ ਮੰਗ ਕਰਦਾ ਮਤਾ ਵੀ ਪਾਸ ਕੀਤਾ ਗਿਆ।