ਰਜਨੀਸ਼ ਸਰੀਨ
- ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ 446 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ
ਐਸ.ਏ.ਐਸ. ਨਗਰ, 19 ਸਤੰਬਰ 2020 - ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਸਮਰਪਣ ਭਾਵਨਾ ਨਾਲ ਕੀਤੇ ਜਾ ਰਹੇ ਸਿੱਖਿਆ ਪ੍ਰਤੀ ਅਣਥੱਕ ਯਤਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸ਼ਲਾਘਾ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ, ਪੰਜਾਬ ਨੇ ਜ਼ਿਲ੍ਹਾ ਪੱਧਰ 'ਤੇ 'ਸਿੱਖਿਆ ਸੁਧਾਰ ਮੁਹਿੰਮ' ਤਹਿਤ ਪਹਿਲੀ ਵਾਰ ਅਧਿਆਪਕ ਪੰਦਰਵਾੜਾ 5 ਤੋਂ 19 ਸਤੰਬਰ ਤੱਕ ਮਨਾਇਆ| ਇਸ ਪੰਦਰਵਾੜੇ ਦੌਰਾਨ ਸਕੂਲ ਅਧਿਆਪਕਾਂ ਨੂੰ ਉਹਨਾਂ ਦੇ ਵੱਲੋਂ ਸਿੱਖਿਆ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ|
ਕੋਵੀਡ -19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐੱਸ.ਏ.ਐੱਸ. ਨਗਰ ਵਿਖੇ ਇੱਕ 'ਵਰਚੂਅਲ ਸਨਮਾਨ ਸਮਾਰੋਹ' ਆਯੋਜਿਤ ਕੀਤਾ ਗਿਆ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਮੁੱਖ ਦਫ਼ਤਰ ਅਤੇ ਜ਼ਿਲ੍ਹਾ ਅਧਿਕਾਰੀਆਂਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਇਸ ਆਨ-ਲਾਈਨ ਸਮਾਰੋਹ ਵਿੱਚ ਭਾਗ ਲਿਆ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਅਧਿਆਪਕਾਂ ਦੀਆਂ ਸਮਰਪਿਤ ਕੋਸ਼ਿਸ਼ਾਂ ਤੋਂ ਬਿਨਾਂ ਪੰਜਾਬ ਸਰਕਾਰ ਲਈ ਸਿੱਖਿਆ ਵਿਚ ਗੁਣਾਤਮਕ ਸੁਧਾਰ ਲਿਆਉਣ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣਾ ਅਸੰਭਵ ਸੀ। ਸਕੂਲ ਅਧਿਆਪਕਾਂ ਨੇ ਸਰਕਾਰੀ ਗ੍ਰਾਂਟਾਂ ਦੀ ਸੁਚੱਜੀ ਅਤੇ ਯੋਗ ਵਰਤੋਂ ਤਾਂ ਕੀਤੀ ਹੀ ਹੈ ਇਸ ਦੇ ਨਾਲ-ਨਾਲ ਸਮੁਦਾਇ ਨੂੰ ਦੀ ਸਹਾਇਤਾ ਨਾਲ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਯਤਨ ਕੀਤੇ ਹਨ ਅਤੇ ਲਗਾਤਾਰ ਕਰ ਵੀ ਰਹੇ ਹਨ। ਦਾਖ਼ਲਾ ਮੁਹਿੰਮ 'ਈਚ ਵਨ, ਬਰਿੰਗ ਵਨ', 'ਸਮਾਰਟ ਸਕੂਲ', 'ਮਿਸ਼ਨ ਸ਼ਤ-ਪ੍ਰਤੀਸ਼ਤ', ਪਾਠ ਪੁਸਤਕਾਂ ਦੀ ਵੰਡ, ਮਿਡ ਡੇਅ ਮੀਲ, ਪੰਜਾਬ ਐਜੂਕੇਅਰ ਐਪ ਨੂੰ ਤਿਆਰ ਕਰਨ, ਪੰਜਾਬ ਪ੍ਰਾਪਤੀ ਸਰਵੇਖਣ ਅਤੇ ਘਰ ਬੈਠੇ ਆਨ ਲਾਈਨ ਸਿੱਖਿਆ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਅਧਿਆਪਕਾਂ ਦਾ ਵਡਮੁੱਲਾ ਸਹਿਯੋਗ ਰਿਹਾ ਹੈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪਿਛਲੇ ਛੇ ਮਹੀਨਿਆਂ ਤੋਂ ਸਕੂਲ ਬੰਦ ਹਨ। ਪਰ ਇਹ ਸੱਚਮੁੱਚ ਹੈਰਾਨੀ ਦੀ ਗੱਲ ਹੈ ਕਿ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਇੰਨੇ ਸਹਿਜਤਾ ਨਾਲ ਆਪਣਾ ਰਿਸ਼ਤਾ ਮਜ਼ਬੂਤ ਕੀਤਾ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਭਾਵੀ ਸੰਦੇਸ਼ ਭੇਜ ਰਹੇ ਸਨ। ਅਧਿਆਪਕਾਂ ਦੁਆਰਾ 'ਸਿੱਖਿਆ ਸੁਧਾਰ ਮੁਹਿੰਮ' ਨੂੰ ਅਸਲ ਵਿੱਚ ਇੱਕ ਸਮੂਹਿਕ ਅੰਦੋਲਨ ਵਿਚ ਬਦਲ ਦਿੱਤਾ ਗਿਆ ਹੈ। ਇਸਦਾ ਸਹਿਜੇ ਹੀ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਵਰਚੁਅਲ ਮਾਪੇ ਅਧਿਆਪਕ ਮਿਲਣੀ ਹਫ਼ਤੇ' ਦੌਰਾਨ ਸਰਕਾਰੀ ਸਕੂਲ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਦਾ ਜਾਇਜ਼ਾ ਲੈਣ ਲਈ 18 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਹੈ| ਆਨ ਲਾਈਨ ਐਜੂਕੇਸ਼ਨ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਮਾਪਿਆਂ ਦੇ ਸੁਝਾਅ ਵੀ ਲਏ ਹਨ।
ਇਸ ਮੌਕੇ 13 ਪ੍ਰਿੰਸੀਪਲਾਂ, 22 ਮੁੱਖ ਅਧਿਆਪਕਾਂ, 1 ਜ਼ਿਲ੍ਹਾ ਕੋਆਰਡੀਨੇਟਰ, 30 ਸਕੂਲ ਮੁਖੀਆਂ, 63 ਸੈਂਟਰ ਹੈੱਡ ਟੀਚਰਜ਼, 277 ਹੈੱਡ ਟੀਚਰਜ਼, 8 ਬੀ.ਐਮ. ਟੀਜ਼, 18 ਸੀ.ਐੱਮ.ਟੀਜ਼, 3 ਰਿਟਾਇਰਡ ਪ੍ਰਿੰਸੀਪਲਾਂ, 9 ਰਿਟਾਇਰਡ ਮੁੱਖ ਅਧਿਆਪਕਾਂ ਅਤੇ 2 ਰਿਟਾਇਰਡ ਸਕੂਲ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੁਰਿੰਦਰ ਕੌਰ ਨੋਡਲ ਅਫ਼ਸਰ, ਹਿੰਮਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਗੁਰਪ੍ਰੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.), ਗੁਰਪ੍ਰੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਸੁਰਜੀਤ ਕੌਰ ਉਪ-ਜਿਲ੍ਹਾ ਸਿੱਖਿਆ ਅਫ਼ਸਰ(ਐ.ਸਿੱ), ਹਰਪਾਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਅਤੇ ਹੋਰ ਸਿੱਖਿਆ ਅਧਿਕਾਰੀ ਹਾਜ਼ਰ ਸਨ।