ਗਰਮਖਿਆਲੀ ਸਿੱਖ ਅਤੇ ਕੁਝ ਹੋਰ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਕਿਸਾਨ ਸੰਗਠਨਾਂ ਦੇ ਪੰਜਾਬ ਬੰਦ ਦਾ ਸਮਰਥਨ
ਹਰਸਿਮਰਤ ਬਾਦਲ ਦਾ ਅਸਤੀਫਾ ਸਿਆਸੀ ਢਕਵੰਜ: ਮੰਡ
ਲੋਕ ਆਪਣੇ ਨਿੱਜੀ ਅਦਾਰੇ ਬੰਦ ਰੱਖਕੇ ਦਿੱਲੀ ਦੀ ਹਕੂਮਤ ਨੂੰ ਜ਼ੋਰਦਾਰ ਸੁਨੇਹਾ ਦੇਣ।
ਜਲੰਧਰ, 20 ਸਤੰਬਰ, 2020 : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈੰਸਾਂ ਦਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਾਂਝੇ ਮੰਚ ਵੱਲੋਂ ਵੀ ਕਿਸਾਨਾਂ ਦੇ ਇਸ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸਹਿਯੋਗ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਜਲੰਧਰ ਵਿਖੇ ਹੋਈ ਮੈਬਰਾਂ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਇਸ ਮੀਟਿੰਗ ਵਿੱਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ਼ ਪੰਜਾਬ, ਆਵਾਜ਼-ਏ-ਕੌਮ ਅਤੇ ਬਹੁਜਨ ਕ੍ਰਾਂਤੀ ਮੋਰਚਾ ਜਥੇਬੰਦੀਆਂ ਦੇ ਅਹੁਦੇਦਾਰ ਹਾਜਰ ਸਨ।
ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਬਹੁਜਨ ਕ੍ਰਾਂਤੀ ਮੋਰਚਾ ਦੇ ਰਜਿੰਦਰ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਰਵੱਈਏ ਨਾਲ ਲਿਆਂਦੇ ਜਾ ਰਹੇ ਇਹ ਕਿਸਾਨ ਵਿਰੋਧੀ ਕਾਨੂੰਨ ਕਿਸਾਨਾਂ ਲਈ ਬਹੁਤ ਹੀ ਖਤਰਨਾਕ ਸਾਬਿਤ ਹੋਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 25 ਸਤੰਬਰ ਦੇ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਸਾਨਾਂ ਦਾ ਸਹਿਯੋਗ ਦੇਣ ਅਤੇ ਆਪਣੇ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰੱਖਕੇ ਦਿੱਲੀ ਦੀ ਹਕੂਮਤ ਨੂੰ ਜ਼ੋਰਦਾਰ ਸੁਨੇਹਾ ਦੇਣ ਕਿ ਉਹ ਕਿਸਾਨਾ ਨਾਲ ਖੜ੍ਹੇ ਹਨ ਅਤੇ ਕੇਂਦਰ ਦੇ ਇਸ ਕਿਸਾਨ ਵਿਰੋਧੀ ਫੈਸਲੇ ਦਾ ਵਿਰੋਧ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਦੇ ਕਾਰਕੁਨ ਆਪੋ-ਆਪਣੇ ਹਲਕਿਆਂ ਵਿੱਚ ਰਹਿੰਦੇ ਹੋਏ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਗਏ ਪ੍ਰੋਗਰਮ ਵਿੱਚ ਸ਼ਾਮਿਲ ਹੋਣਗੇ।
ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਦੇਰੀ ਨਾਲ ਚੁੱਕਿਆ ਇੱਕ ਸਿਆਸੀ ਕਦਮ ਦੱਸਦਿਆਂ ਕਿਹਾ ਕਿ ਜੇਕਰ ਹਰਸਿਮਰਤ ਬਾਦਲ ਸਚਮੁੱਚ ਕਿਸਾਨ ਪੱਖੀ ਹਨ ਤਾਂ ਉਨ੍ਹਾਂ ਨੂੰ ਇਹ ਅਸਤੀਫਾ ਬਹੁਤ ਪਹਿਲਾਂ ਦੇ ਦੇਣਾ ਚਾਹੀਦਾ ਸੀ ਪਰ ਉਹ ਤਾਂ ਹੁਣ ਤੱਕ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਫਾਇਦੇ ਵਾਲਾ ਦੱਸਦੇ ਆਏ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਇਹ ਅਸਤੀਫਾ ਕਿਸਾਨ ਲਹਿਰ ਦੇ ਡਰ ਤੋਂ ਆਇਆ ਹੈ ਨਾ ਕਿ ਕਿਸਾਨਾਂ ਪ੍ਰਤੀ ਪਿਆਰ 'ਚੋ। ਉਨ੍ਹਾਂ ਲੋਕਾਂ ਨੂੰ ਅਗਾਹ ਕੀਤਾ ਕਿ ਉਹ ਇਨ੍ਹਾਂ ਸਿਆਸੀ ਲੋਕਾਂ ਦੀਆਂ ਸਾਜ਼ਿਸ਼ਾਂ ਦੇ ਸ਼ਿਕਾਰ ਨਾ ਹੋਣ।
ਆਵਾਜ਼-ਏ-ਕੌਮ ਦੇ ਆਗੂ ਮਨਜੀਤ ਸਿੰਘ ਨੇ ਕਿਹਾ ਕਿ ਕਸ਼ਮੀਰ ਅੰਦਰ ਧਾਰਾ 370 ਨੂੰ ਤੋੜਨ ਤੋਂ ਲੈਕੇ ਐਨ.ਆਰ.ਸੀ ਰਾਹੀਂ ਹੁੰਦੇ ਹੋਏ ਬਾਬਰੀ ਮਸਜਿਦ ਦੀ ਥਾਵੇਂ ਰਾਮ ਮੰਦਿਰ ਦਾ ਨਿਰਮਾਣ ਕਰਦੇ ਹੋਏ ਹੁਣ ਕਿਸਾਨ ਵਿਰੋਧੀ ਕਾਨੂੰਨ ਲਿਆਉਣ ਤੱਕ ਮੋਦੀ ਸਰਕਾਰ ਨੇ ਹਰ ਫੈਸਲਾ ਲੋਕਾਂ ਦੇ ਵਿਰੋਧ ਦੇ ਬਾਵਜੂਦ ਤਾਨਾਸ਼ਾਹੀ ਰਵੱਈਏ ਨਾਲ ਕੀਤਾ ਹੈ ਜੋ ਇਹ ਗੱਲ ਸਾਫ ਕਰਦਾ ਹੈ ਕਿ ਬੀ.ਜੇ.ਪੀ ਨੇ ਭਾਰਤ ਅੰਦਰੋਂ ਲੋਕਤੰਤਰੀ ਰਾਜ ਖਤਮ ਕਰ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਖੁੱਡਾ, ਮਲਕੀਤ ਸਿੰਘ ਭਿੰਡਰ, ਹਰਜਿੰਦਰ ਸਿੰਘ, ਅਮਰਜੀਤ ਸਿੰਘ ਰਾਣੀਪੁਰ, ਤਰਕੋਲ ਸਿੰਘ ਆਦਿ ਹਾਜ਼ਰ ਸਨ।