ਪਟਿਆਲਾ ਜ਼ਿਲ੍ਹੇ 'ਚ ਮਾਪੇ-ਅਧਿਆਪਕ ਮਿਲਣੀਆਂ ਨੂੰ ਮਿਲਿਆ ਵੱਡਾ ਹੁੰਗਾਰਾ
ਪਟਿਆਲਾ, 20 ਸਤੰਬਰ, 2020 : ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਰਾਜ ਭਰ ਦੇ ਸਕੂਲਾਂ 'ਚ 14 ਸਤੰਬਰ ਤੋਂ ਸ਼ੁਰੂ ਹੋਏ ਆਨਲਾਈਨ ਮਾਪੇ-ਅਧਿਆਪਕ ਮਿਲਣੀ ਹਫ਼ਤੇ ਤਹਿਤ ਪਟਿਆਲਾ ਜ਼ਿਲ੍ਹੇ 'ਚ ਮਿਲਣੀਆਂ ਨੂੰ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ, ਜਿਸ ਸਦਕਾ ਵਿਭਾਗ ਦੇ ਅਧਿਆਪਕਾਂ 'ਚ ਨਵਾਂ ਜੋਸ਼ ਆ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਇਨ੍ਹਾਂ ਮਿਲਣੀਆਂ ਦੌਰਾਨ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਸਿੱਖਣ ਪਰਿਣਾਮਾਂ ਬਾਰੇ ਅਧਿਆਪਕਾਂ ਨਾਲ ਰਚਾਏ ਸੰਵਾਦ ਰਾਹੀਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਕੋਰੋਨਾ ਸੰਕਟ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੀ ਗਈ ਆਨਲਾਈਨ ਸਿੱਖਿਆ ਨੇ ਮਾਪਿਆਂ ਦੇ ਦਿਲਾਂ 'ਚ ਸਰਕਾਰੀ ਸਕੂਲ ਅਧਿਆਪਕਾਂ ਪ੍ਰਤੀ ਵਿਸ਼ਵਾਸ 'ਚ ਹੋਰ ਵਾਧਾ ਕੀਤਾ ਹੈ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਿਲਣੀਆਂ ਦਾ ਮਕਸਦ ਮਾਪਿਆਂ ਨੂੰ ਪੰਜਾਬ ਅਚੀਵਮੈਂਟ ਸਰਵੇਖਣ ਲਈ ਜਾਗਰੂਕ ਕਰਨਾ, ਬੱਚਿਆਂ ਦੀ ਪੜ੍ਹਾਈ ਸਬੰਧੀ, ਕਿਤਾਬਾਂ, ਹੋਰ ਪੜ੍ਹਨ ਸਮਗਰੀ ਤੇ ਮਿਡ ਡੇ ਮੀਲ ਦੀ ਸਮਗਰੀ ਬੱਚਿਆਂ ਤੱਕ ਪੁੱਜਣ ਤੇ ਬੱਚਿਆਂ ਦੀ ਹੋਰਨਾਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕਰਨਾ ਸੀ।
ਇਸ ਸਬੰਧੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 6ਵੀਂ ਤੋਂ 12ਵੀਂ ਤੱਕ ਦੇ 2414 ਵਿਦਿਆਰਥੀਆਂ 'ਚੋਂ 2404 ਵਿਦਿਆਰਥੀਆਂ ਨਾਲ ਸਕੂਲ ਦੇ ਅਧਿਆਪਕ ਰਾਬਤਾ ਬਣਾਉਣ 'ਚ ਸਫਲ ਰਹੇ। ਇਨ੍ਹਾਂ ਮਿਲਣੀਆਂ ਦੌਰਾਨ ਤਕਰੀਬਨ 600 ਦੇ ਕਰੀਬ ਮਾਪੇ ਸਕੂਲ 'ਚ ਵੀ ਅਧਿਆਪਕਾਂ ਨੂੰ ਮਿਲਣ ਆਏ ਅਤੇ ਬਾਕੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਅਧਿਆਪਕਾਂ ਨੇ ਜ਼ੂਮ ਐਪ ਤੇ ਫ਼ੋਨ ਰਾਹੀਂ ਸੰਪਰਕ ਬਣਾਇਆ।
ਬੀ.ਪੀ.ਈ.ਓ. ਮਨੋਜ ਕੁਮਾਰ ਜੋਈਆ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਭੁਨਰਹੇੜੀ 'ਚ ਅਧਿਆਪਕ ਮਿਲਣੀਆਂ ਦਾ ਕੰਮ ਮੁਕੰਮਲ ਕਰ ਚੁੱਕੇ ਹਨ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਹਸਨਪੁਰ ਪਰੋਹਤਾਂ ਤੇ ਇੰਚਾਰਜ ਅਰਵਿੰਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 98 ਵਿਦਿਆਰਥੀਆਂ ਦੇ ਮਾਪਿਆਂ ਤੱਕ ਉਨ੍ਹਾਂ ਖੁਦ ਅਤੇ ਸਟਾਫ਼ ਮੈਂਬਰ ਦੋ-ਦੋ ਵਾਰ ਰਾਬਤਾ ਬਣਾ ਚੁੱਕੇ ਹਨ। ਜਿਸ ਤਹਿਤ 25 ਦੇ ਕਰੀਬ ਮਾਪੇ ਸਕੂਲ 'ਚ ਆਏ ਅਤੇ ਬਾਕੀ ਨੂੰ ਉਹ ਨਿੱਜੀ ਰੂਪ 'ਚ ਘਰ-ਘਰ ਜਾਕੇ ਮਿਲ ਚੁੱਕੇ ਹਨ। ਇਸ ਕਾਰਨ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ, ਪੰਚ ਸਰਬਜੀਤ ਕੌਰ, ਜੀ.ਓ.ਜੀ. ਪੂਰਨ ਸਿੰਘ ਤੇ ਗ੍ਰਾਮ ਪੰਚਾਇਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਜਲਾਲਖੇੜਾ ਦੀ ਅਧਿਆਪਕਾਂ ਤਰੁਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਸਕੂਲ ਦੇ ਸਾਰੇ 71 ਵਿਦਿਆਰਥੀਆਂ ਦੇ ਮਾਪਿਆਂ ਨਾਲ ਫ਼ੋਨ ਅਤੇ ਜ਼ੂਮ ਐਪ ਰਾਹੀਂ ਮਿਲਣੀ ਕਰ ਚੁੱਕੇ ਹਨ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਰੌਣੀ ਦੇ ਮੁੱਖ ਅਧਿਆਪਕ ਨਿਤਿਨ ਵਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਪੇ ਅਧਿਆਪਕ ਮਿਲਣੀ ਵੀ ਸੌ ਫ਼ੀਸਦੀ ਸਫਲ ਰਹੀ।