ਅੰਮ੍ਰਿਤਸਰ, 20 ਸਤੰਬਰ 2020 - ਲਗਭਗ ਅੱਧੀ ਸਦੀ ਤੋਂ ਰੋਜ਼ਾਨਾ ਅੰਮ੍ਰਿਤ ਵੇਲੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ,ਪਾਲਕੀ ਸਾਹਿਬ ’ਚ ਸ਼ਸ਼ੋਭਿਤ ਕਰਕੇ ਗੁਰਬਾਣੀ ਦੇ ਜਾਪ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲਿਜਾਣ ਵੇਲੇ ਕੀਰਤਨ ਬੰਦ ਹੋਣ ਉਪਰੰਤ ‘' ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ “ ਦਾ ਜਾਪ ਤੇ ਫਿਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਭੱਟਾਂ ਦੇ ਸਵਈਏ ਪੜ੍ਹਨ ਦੀ ਸੇਵਾ ਕਰਨ ਵਾਲੇ ਗੁਰੂ ਰਾਮਦਾਸ ਜੀ ਦੇ ਦਰ ਦੇ ਅਨਿਨ ਸੇਵਕ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜੋ ਕੁੱਝ ਦਿਨ ਬਿਮਾਰ ਰਹਿਣ ਤੋਂ ਬਾਅਦ ਗੁਰੂ ਚਰਨਾਂ ’ਚ ਜਾ ਬਿਰਾਜੇ ਉਹਨਾਂ ਦੇ ਜਲਦ ਤੁਰ ਜਾਣ ਨਾਲ ਸਿੱਖ ਕੌਮ ਨੂੰ ਬੜਾ ਵੱਡਾ ਘਾਟਾ ਪਿਆ ਹੈ, ਉਹ ਵਿਅਕਤੀ ਨਹੀਂ ਇੱਕ ਸੰਸਥਾ ਸਨ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਤੇ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਗੱਲ-ਬਾਤ ਕਰਦਿਆਂ ਕੀਤਾ ।
ਰੰਧਾਵਾ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸਿੱਖ ਸੰਸਥਾਵਾਂ ਨਾਲ ਨੇੜਿਓਂ ਹੋ ਕੇ ਜੁੜੇ ਸਨ ਸਿੱਖਾਂ ਦੀ ਪੁਰਾਣੀ ਧਾਰਮਿਕ ਤੇ ਸਿੱਖ ਵਿੱਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ , ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਮੈਂਬਰ , ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸਕੱਤਰ , ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਦੇ ਮੈਂਬਰ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂ ਵਾਲੇ ਦੇ ਮੈਂਬਰ ਇੰਚਾਰਜ ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ’ਚ ਬਾਖੂਬੀ ਸੇਵਾ ਨਿਭਾ ਰਹੇ ਸਨ। ਪਿਛਲੇ ਸਮੇਂ ਦੌਰਾਨ ਚੀਫ ਖਾਲਸਾ ਦੀਵਾਨ ਵਿੱਚ ਆਏ ਨਿਘਾਰ ਦਾ ਉਹਨਾਂ ਦੇ ਮਨ ਤੇ ਬਹੁਤ ਡੂੰਘਾ ਅਸਰ ਸੀ ਤਾਂ ਈ ਉਹ ਦੀਵਾਨ ਦੀ ਹਮੇਸ਼ਾਂ ਚੜਦੀ ਕਲਾ ਤੇ ਬਿਹਤਰੀ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਸਨ ਜਿਸ ਕਾਰਨ ਦੀਵਾਨ ਹੁਣ ਫਿਰ ਚੜਦੀ ਕਲਾ ਤੇ ਬੁਲੰਦੀਆਂ ਨੂੰ ਛੂਹ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਪਿਛਲੇ ਦਿਨੀਂ ਸਿੱਖ ਬੁੱਧੀਜੀਵੀ ਹਰਚਰਨ ਸਿੰਘ , ਮਹਾਨ ਕੀਰਤਨੀਏ , ਭਾਈ ਨਿਰਮਲ ਸਿੰਘ , ਭਾਈ ਹਰਨਾਮ ਸਿੰਘ , ਜੋਗਿੰਦਰ ਸਿੰਘ ਭਸੀਣ ਜਿੰਨਾਂ ਨੇ 1947 (ਭਾਰਤ -ਪਾਕਿਸਤਾਨ ) ਵੰਡ ਤੋਂ ਬਾਅਦ 1948 ਵਿੱਚ ਸਿੱਖਾਂ ਵੱਲੋਂ ਰੋਜ਼ਾਨਾ ਗੁਰੂ ਘਰਾਂ ’ਚ ਕੀਤੀ ਜਾਂਦੀ ਅਰਦਾਸ ਕਿ “ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿੰਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ਼ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖ਼ਸ਼ੋ “ ਲਿਖੀ ਸੀ ,ਇਹ ਸਾਰੇ ਗੁਰੂ ਚਰਨਾਂ’ ਜਾ ਬਿਰਾਜੇ ਹਨ।
ਸੋ ਮੈਂ ਇਸ ਚੱਲ ਰਹੀ ਮਹਾਮਾਰੀ ਕਾਰਨ ਜਾਤੀ ਤੌਰ ਤੇ ਨਹੀਂ ਪਹੁੰਚ ਸਕਿਆ ਮੈਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜ਼ੁਹਨਾਂ ਵਿੱਛੜੀਆਂ ਹੋਈਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾ ਤੇ ਪਿੱਛੇ ਪਰਿਵਾਰ ਤੇ ਕੌਮ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣਾ।