ਫਿਰੋਜ਼ਪੁਰ 20 ਸਤੰਬਰ 2020 - ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿਚ ਲਿਆਂਦੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਦੇ ਖਿਲਾਫ ਪਿਛਲੇ 1 ਮਹੀਨੇ ਤੋਂ ਕਿਸਾਨ ਜਥੇਬੰਦੀ ਉਨ੍ਹਾਂ ਨੂੰ ਰੁਕਵਾਉਣ ਵਾਸਤੇ ਸੰਘਰਸ਼ ਕਰ ਰਹੀਆਂ ਹਨ। ਇਸ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕਸਬਾ ਅੰਦਰ ਵਿਖੇ ਥਾਣਾ ਮਮਦੋਟ ਦੇ ਸਾਹਮਣੇ ਕੇਂਦਰ ਸਰਕਾਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਤੇ ਜ਼ਿਲ੍ਹਾ ਫਿਰੋਜਪੁਰ ਪੱਛਮੀ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਜੋ 17 ਸਤੰਬਰ ਨੂੰ ਲੋਕ ਸਭਾ ਵਿਚ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਹਨ ਉਹ ਆਰਡੀਨੈਂਸ ਨੂੰ ਕਿਸਾਨ ਜਥੇਬੰਦੀਆਂ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੀਆਂ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੁੰਦੇ ਉਦੋਂ ਤੱਕ ਵੱਡੇ ਪਧਰ ਤੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਅਤੇ ਇਨ੍ਹਾਂ ਬਿੱਲਾਂ ਨੂੰ ਵਾਪਸ ਕਰਵਾ ਕੇ ਹੀ ਛੱਡਾਂਗੇ। ਬਲਾਕ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਇਨ੍ਹਾਂ ਬਿੱਲਾਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਲਾਮਬੰਦ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ ਜਾਵੇ। ਇਸ ਮੌਕੇ ਜੀਵਨ ਸਿੰਘ ਸੋਢੀ, ਮਹਿੰਦਰ ਸਿੰਘ ਵਧਾਉਣ, ਲਖਵਿੰਦਰ ਸਿੰਘ ਮੁਰਕਤਵਾਲਾ, ਡਾ. ਬਲਕਾਰ ਸਿੰਘ ਵਾਇਸ ਪ੍ਰਧਾਨ, ਜਸਵੰਤ ਸਿੰਘ ਸੋਢੀ, ਹਰਜਿੰਦਰ ਸਿੰਘ, ਪ੍ਰਗਟ ਸਿੰਘ, ਹਰਭਜਨ ਸਿੰਘ ਸੋਢੀ, ਪ੍ਰੀਤਮ ਸਿੰਘ, ਸੁਖਚੈਨ ਸਿੰਘ, ਗੁਰਦੇਵ ਸਿੰਘ, ਜੱਜ ਸਿੰਘ, ਪਿੱਪਲ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਅਹੁਦੇਦਾਰ ਅਤੇ ਕਿਸਾਨ ਹਾਜ਼ਰ ਸਨ।