ਅਸ਼ੋਕ ਵਰਮਾ
ਮਾਨਸਾ, 20 ਸਤੰਬਰ 2020 - ਨਸ਼ਿਆਂ ਖਿਲਾਫ ਮੁਹਿੰਮ ਦੌਰਾਨ ਮਾਨਸਾ ਦੇ ਥਾਣਾ ਸਦਰ ਪੁਲੀਸ ਨੇ ਝਾਰਖੰਡ ਤੋਂ ਲਿਆਂਦੀ 3 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਦੀ ਢਾਈ ਕਿੱਲੋ ਤੋਂ ਵੱਧ ਅਫੀਮ ਸਮੇਤ ਦੋ ਅੰਤਰਰਾਜੀ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਇਹ ਵੱਡੀ ਸਫਲਤਾ ਨਾਕਾਬੰਦੀ ਦਰਮਿਆਨ ਮਿਲੀ ਹੈ। ਪੁਲਿਸ ਅਨੁਸਾਰ ਥਾਣਾ ਸਦਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਤਸਕਰ ਗਿਰੋਹ ਦੂਸਰੇ ਸੂਬਿਆਂ ਤੋਂ ਭਾਰੀ ਮਾਤਰਾ ’ਚ ਅਫੀਮ ਲਿਆਉਣ ਉਪਰੰਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਸਪਲਾਈ ਕਰਦੇ ਹਨ । ਪੁਲਿਸ ਵੱਲੋਂ ਇਸ ਗਿਰੋਹ ਨੂੰ ਕਾਬੂ ਕਰਨ ਲਈ ਇੱਕ ਯੋਜਨਾ ਬਣਾਈ ਸੀ ਜਿਸ ਦੇ ਜਾਲ ’ਚ ਇਹ ਲੋਕ ਫਸ ਗਏ । ਥਾਣਾ ਸਦਰ ਪੁਲਿਸ ਨੇ ਗਸ਼ਤ ਦੌਰਾਨ ਬਣਾ ਵਾਲੀ ਪਿੰਡ ਕੋਲ ਲਾਏ ਨਾਕੇ ਦੌਰਾਨ ਮੌਕੇ ਇੱਕ ਸਵਿਫਟ ਡਿਜ਼ਾਇਰ ਕਾਰ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਅਤੇ ਤਲਾਸ਼ੀ ਲਈ। ਪੁਲਿਸ ਟੀਮ ਨੇ ਕਾਰ ਵਿਚੋਂ ਅਫੀਮ ਬਰਾਮਦ ਕੀਤੀ ਜਿਸ ਦਾ ਵਜ਼ਨ 2 ਕਿੱਲੋ 556ਗਰਾਮ ਹੈ। ਪੁਲਿਸ ਨੇ ਕਾਰ ਨੂੰ ਵੀ ਕਬਜੇ ’ਚ ਲੈ ਲਿਆ ਹੈ।
ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਕਾਬੂ ਕੀਤੇ ਮੁਲਜਮਾਂ ਦੀ ਪਛਾਣ ਬਲਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬਰਨਾਲਾ ਅਤੇ ਸੱਤਪਾਲ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਅਕਲੀਆ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਮਾਨਸਾ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾਂ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਮੁਢਲੀ ਪੁੱਛਗਿਛ ਦੌਰਾਨ ਮੰਨਿਆ ਹੈ ਹੈ ਕਿ ਉਹ ਸਵਾ ਲੱਖ ਰੁਪਏ ਪ੍ਰੀ ਕਿੱਲੋ ਦੇ ਹਿਸਾਬ ਨਾਲ ਅਫੀਮ ਲਿਆਏ ਸਨ ਜਦੋਂਕਿ ਦੋ ਲੱਖ ਰੁਪਏ ਦੇ ਹਿਸਾਬ ਨਾਲ ਵੇਚਣੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਜਿਸ ਦੌਰਾਨ ਸਮਗਲਰਾਂ ਤੋਂ ਉਨ੍ਹਾਂ ਦੇ ਅਫੀਮ ਸਬੰਧੀ ਸੰਪਰਕਾਂ ਆਦਿ ਬਾਰੇ ਪਤਾ ਲਗਾਇਆ ਜਾਵੇਗਾ । ਉਨਾਂ ਦੱਸਿਆ ਕਿ ਪੁੱਤ ਪੜਤਾਲ ਦੌਰਾਨ ਪੁਲਿਸ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।