ਹਰੀਸ਼ ਕਾਲੜਾ
ਨੂਰਪੁਰ ਬੇਦੀ, 21 ਸਤੰਬਰ 2020 : ਮਾਂ ਮਨੁੱਖ ਦੀ ਪਹਿਲੀ ਗੁਰੂ ਹੁੰਦੀ ਹੈ। ਇਸ ਲਈ ਉਸ ਦਾ ਦਰਜਾ ਰੱਬ ਦੇ ਬਰਾਬਰ ਮੰਨਿਆ ਜਾਂਦਾ ਹੈ। ਇਹ ਸ਼ਬਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਦੇਸ ਰਾਜ ਸੈਣੀ ਅਤੇ ਬੀ.ਬੀ.ਸੀ. ਪੰਜਾਬੀ ਦੇ ਪੱਤਰਕਾਰ ਖੁਸ਼ਹਾਲ ਲਾਲੀ ਦੀ ਮਾਤਾ ਬੀਬੀ ਸਵਰਨ ਕੌਰ, ਜਿਨ੍ਹਾਂ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ, ਨਮਿਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਮੌਕੇ ਅੱਜ ਸੈਣੀਮਾਜਰਾ ਵਿਚ ਆਖੇ। ਇਸ ਮੌਕੇ ਉਨ੍ਹਾਂ ਜਿੱਥੇ ਬੀਬੀ ਸਵਰਨ ਕੌਰ ਦੇ ਅਚਾਨਕ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਕਾਮਨਾ ਅਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਪਿਆਂ ਦੀ ਉਮਰ ਭਾਵੇਂ ਸੈਂਕੜੇ ਸਾਲ ਵੀ ਹੋ ਜਾਵੇ, ਬੱਚਿਆਂ ਲਈ ਉਨ੍ਹਾਂ ਦੀ ਲੋੜ ਹਮੇਸ਼ਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਦੇਸ ਰਾਜ ਸੈਣੀ ਅਤੇ ਖੁਸ਼ਹਾਲ ਲਾਲੀ ਦੀ ਆਪੋ ਆਪਣੇ ਖੇਤਰਾਂ ਵਿਚ ਅੱਜ ਜੋ ਪਛਾਣ ਹੈ, ਉਸ ਵਿਚ ਮਾਤਾ ਸਵਰਨ ਕੌਰ ਦੀ ਪ੍ਰੇਰਨਾ ਹੀ ਮੁੱਖ ਸੀ।
ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਸ਼ਵਨੀ ਸ਼ਰਮਾ, ਨਗਰ ਪੰਚਾਇਤ ਨੂਰਪੁਰ ਬੇਦੀ ਦੇ ਸਾਬਕਾ ਚੇਅਰਮੈਨ ਜਗਨਨਾਥ ਭੰਡਾਰੀ, ਸੰਮਤੀ ਮੈਂਬਰ ਬਾਬੂ ਕਸ਼ਮੀਰੀ ਲਾਲ, ਜੱਟ ਮਹਾਂਸਭਾ ਦੇ ਬਲਾਕ ਪ੍ਰਧਾਨ ਹਰਦਿਆਲ ਖੱਟੜਾ, ਸਰਪੰਚ ਜੋਗਰਾਜ, ਹਰਪਾਲ ਸਿੰਘ ਸੰਘਾ, ਕਰਮਜੀਤ ਸਿੰਘ ਕਾਲਾ, ਚੌਧਰੀ ਹੁਸਨ ਲਾਲ, ਪ੍ਰੇਮ ਚੰਦ ਝਾਂਗੜੀਆਂ ਅਤੇ ਸੋਹਨ ਸਿੰਘ ਗੱਦੀਵਾਲ ਆਦਿ ਵੀ ਹਾਜ਼ਰ ਸਨ।