ਹਰੀਸ਼ ਕਾਲੜਾ
ਰੂਪਨਗਰ 21 ਸਤੰਬਰ 2020 :ਜਿਲ੍ਹਾ ਪ੍ਰਸ਼ਾਸਨ ਰੂਪਨਗਰ ਦੇ ਸਹਿਯੋਗ ਨਾਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਪੇਂਡੂ ਖੇਤਰਾਂ ਦੇ 100 ਫੀਸਦੀ ਘਰਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਵਾਟਰ ਕੁਨੈਕਸ਼ਨ ਰਾਹੀਂ ਮੁਹੱਈਆ ਕਰਵਾਇਆ ਗਿਆ ਹੈ।ਪੰਜਾਬ ਸਰਕਾਰ ਵਲੋਂ ਇਹ ਸੁਵਿਧਾ ਮੁਹੱਈਆ ਕਰਵਾਉਣ ਲਈ 2022 ਦਾ ਟੀਚਾ ਮਿਥਿਆ ਗਿਆ ਸੀ ਪਰ ਜ਼ਿਲ੍ਹਾ ਰੂਪਨਗਰ ਨੇ ਇਹ ਟੀਚਾ 2 ਸਾਲ ਪਹਿਲਾਂ ਹੀ ਪੂਰਾ ਕਰ ਲਿਆ ਹੈ। ਇਹ ਜਾਣਕਾਰੀ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇੱਕ ਨਵੇਂ ਪ੍ਰੋਗਰਾਮ ਜਲ ਜੀਵਨ ਮਿਸ਼ਨ ਦਾ ਆਗਾਜ ਕੀਤਾ ਗਿਆ ਹੈ ਜਿਸ ਤਹਿਤ ਪੇਂਡੂ ਖੇਤਰਾਂ ਵਿਖੇ 100 ਫੀਸਦੀ ਘਰਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਵਾਟਰ ਕੁਨੈਕਸ਼ਨ ਨਾਲ ਪਹੁੰਚਾਉਣ ਦਾ ਸਾਲ 2024 ਤੱਕ ਦਾ ਟਿੱਚਾ ਮਿਥਿਆ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋ ਇਹ ਕਾਰਜ ਸਾਲ 2022 ਤੱਕ ਮੁਕੰਮਲ ਕੀਤਾ ਜਾਣਾ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਹਰੇਕ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਵਾਟਰ ਸਪਲਾਈ ਕੁਨੈਕਸ਼ਨ ਰਾਂਹੀ ਘੱਟੋਂ-ਘੱਟ 55 ਲੀਟਰ ਪ੍ਰਤੀ ਜੀਅ ਦੇ ਹਿਸਾਬ ਨਾਲ ਮੁਹੱਇਆ ਕਰਵਾਉਣ ਦਾ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਜਲ ਸਪਲਾਈ ਸਕੀਮਾਂ ਲਈ ਗ੍ਰਾਮ ਪੰਚਾਇਤ ਦੀ ਸਹਾਇਤਾ ਕਰਨਾ, ਨਵੇਂ ਸਰੋਤਾਂ ਦੀ ਸਥਾਪਨਾ ਕਰਨਾ, ਜਲ ਸਪਲਾਈ ਸਕੀਮਾਂ ਨੂੰ ਪਿੰਡ ਵਾਸੀਆਂ ਦੀ ਜਰੂਰਤ ਮੁਤਾਬਿਕ ਅਪ-ਗ੍ਰੇਡ ਕਰਨਾ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਉਪਰਾਲੇ ਅਧੀਨ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ,ਰੋਪੜ ਅਤੇ ਸ਼੍ਰੀ ਚਮਕੌਰ ਸਾਹਿਬ ਹੇਠ ਪਿੰਡਾ ਵਿੱਚ ਤਕਰੀਬਨ 20 ਹਜਾਰ ਨਵੇਂ ਪਾਣੀ ਦੇ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ, ਜਿਸ ਨਾਲ ਜਿਲ੍ਹਾ ਰੂਪਨਗਰ ਵਿੱਚ ਕੁਲ 1.06 ਲੱਖ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਉਪਲਬਧ ਹਨ। ਇਸ ਤਰ੍ਹਾਂ ਜਿਲ੍ਹਾ ਰੂਪਨਗਰ ਦੇ ਕੁੱਲ 5.92 ਲੱਖ ਪਿੰਡ ਵਾਸੀਆਂ ਨੂੰ ਪੀਣ ਯੋਗ ਸ਼ੁੱਧ ਪਾਣੀ ਮੁਹੱਇਆਂ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਮੋਜੂਦਾ ਜਲ ਸਪਲਾਈ ਸਕੀਮਾਂ ਦੇ ਸਰੋਤਾਂ ਅਤੇ ਵਾਟਰ ਵਰਕਸ ਨੂੰ ਅਪ-ਗ੍ਰੇਡ ਕਰਨ ਦਾ ਕੰਮ ਅਰੰਭਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਹੈ ਉਹਨਾਂ ਪਿੰਡਾਂ ਵਿੱਚ ਨਵੀਆਂ ਵਾਟਰ ਸਪਲਾਈ ਸਕੀਮਾਂ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਹਰ ਘਰ ਨੂੰ ਲੋੜੀਂਦੀ ਮਾਤਰਾ ਵਿੱਚ ਪੀਣ ਯੋਗ ਸ਼ੁੱਧ ਪਾਣੀ ਪ੍ਰਾਪਤ ਹੋ ਸਕੇ। ਜਿਲ੍ਹਾਂ ਰੂਪਨਗਰ ਵਿੱਚ ਇਸ ਸਾਲ ਹੁਣ ਤੱਕ ਕੁੱਲ 4 ਨਵੀਆਂ ਵਾਟਰ ਸਪਲਾਈ ਸਕੀਮਾਂ ਦੀ ਉਸਾਰੀ ਮੁਕਮੰਲ ਕੀਤੀ ਜਾ ਚੁੱਕੀ ਹੈ ਅਤੇ 12 ਵਾਟਰ ਸਪਲਾਈ ਸਕੀਮਾਂ ਦਾ ਕੰਮ ਪ੍ਰਗਤੀ ਅਧੀਨ ਹੈ ਜਿਸ ਨੂੰ 31 ਮਾਰਚ 2021 ਤੱਕ ਮੁਕਮੰਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਨਵੀਆਂ ਵਾਟਰ ਸਪਲਾਈ ਸਕੀਮਾਂ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਹੁਣ ਤੱਕ 3 ਵਾਟਰ ਸਪਲਾਈ ਟਿਊਬਵੈਲ ਵੱਖ-ਵੱਖ ਸਕੀਮਾ ਤੇ ਲਗਾਏ ਜਾ ਚੁੱਕੇ ਹਨ ਅਤੇ 19 ਟਿਊਬਵੈਲਾਂ ਦਾ ਕੰਮ 31 ਮਾਰਚ 2021 ਤੱਕ ਮੁਕਮੰਲ ਕਰਨ ਦਾ ਟਿੱਚਾ ਹੈ। ਜਿਸ ਨਾਲ ਜਿਲ੍ਹੇ ਦੇ ਪਿੰਡਾ ਵਿੱਚ ਸਾਰੇ ਘਰਾਂ ਨੂੰ ਲੋੜੀਂਦੀ ਮਾਤਰਾ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ।