ਬਨੂੜ/ ਰਾਜਪੁਰਾ, 21 ਸਤੰਬਰ 2020 -
ਚਿਤਕਾਰਾ ਯੂਨੀਵਰਸਿਟੀ ਨੇ ਆਪਟੀਕਲ ਇੰਡਸਟਰੀ ਸੰਸਥਾ ਦੀ ਮੋਹਰੀ ਲੈਂਸਕਾਰਟ ਦੇ ਸਹਿਯੋਗ ਨਾਲ ਚਾਰ ਸਾਲਾ ਬੈਚੁਲਰ ਆਫ ਆਪਟੋਮੇਟਰੀ (ਬੀਆਪਟਾਮ) ਕੋਰਸ ਆਰੰਭ ਕਰਨ ਦਾ ਐਲਾਨ ਕੀਤਾ ਹੈ। ਇਹ ਕੋਰਸ ਚਿਤਕਾਰਾ ਦੇ ਸਕੂਲ ਆਫ ਹੈਲਥ ਸਾਇੰਸਜ ਵਿੱਚ ਕਰਾਇਆ ਜਾਵੇਗਾ। ਲੈਂਸਕਾਰਟ ਭਾਰਤ ਵਿੱਚ ਅੱਖਾਂ ਦੇ ਪਰੀਖਣ, ਲੈਬਜ ਅਤੇ ਆਪਟੀਕਲ ਸਟੋਰ ਚੇਨ ਵਾਲਾ ਪ੍ਰਮੁੱਖ ਆਪਟੀਕਲ ਉਦਯੋਗ ਸੰਗਠਨ ਹੈ। ਚਾਰਾ ਸਾਲਾ ਕੋਰਸ ਨਾਲ ਅੱਖਾਂ ਦੀ ਸੰਭਾਲ ਲਈ ਪੇਸ਼ੇਵਰਾਂ ਦੀ ਘਾਟ ਦੂਰ ਹੋਵੇਗੀ ਅਤੇ ਇਸ ਨਾਲ ਸਬੰਧਿਤ ਉਦਯੋਗ ਨੂੰ ਮੁਹਾਰਿਤ ਵਾਲੇ ਵਿਅਕਤੀ ਮਿਲ ਜਾਣਗੇ।
ਲੈਂਸਕਾਰਟ ਦੇ ਸੰਸਥਾਪਕ ਅਤੇ ਸੀਈਓ ਪਿਊਸ ਬਾਂਸਲ ਨੇ ਇਸ ਕੋਰਸ ਦੀ ਆਰੰਭਤਾ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅੱਖਾਂ ਦੀ ਪ੍ਰਾਇਮਰੀ ਪੱਧਰ ਤੇ ਸਾਂਭ ਸੰਭਾਲ ਲਈ ਅਜਿਹੇ ਕੋਰਸ ਬੇਹੱਦ ਜਰੂਰੀ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਭਵਿੱਖ ਦੀਆਂ ਲੋੜਾਂ ਤੇ ਫੋਕਸ ਕਰਦੇ ਹਨ ਤੇ ਤਾਜਾ ਕੋਰਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਵੱਡੀ ਪੱਧਰ ਤੇ ਰੁਜਗਾਰ ਦੇ ਮੌਕੇ ਹਾਸਿਲ ਹੋਣਗੇ ਉੱਥੇ ਆਪਟੀਕਲ ਖੇਤਰ ਵਿੱਚ ਅਨੁਭਵੀ ਵਿਅਕਤੀਆਂ ਦੀ ਘਾਟ ਵੀ ਦੂਰ ਹੋਵੇਗੀ।
ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਨੇ ਆਖਿਆ ਕਿ ਲੈਂਸਕਾਰਟ ਦੀ ਸਹਾਇਤਾ ਨਾਲ ਆਰੰਭ ਕੀਤਾ ਗਿਆ ਇਹ ਚਾਰ ਸਾਲਾ ਕੋਰਸ ਉਨ੍ਹਾਂ ਦੀਆਂ ਉਦਯੋਗਿਕ ਖੇਤਰ ਦੇ ਮਾਹਿਰਾਂ ਨਾਲ ਸਾਂਝ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਚਿਤਕਾਰਾ ਹਮੇਸ਼ਾ ਉਦਯੋਗਾਂ ਲਈ ਮੁਹਾਰਿਤ ਵਾਲੇ ਵਿਦਿਆਰਥੀ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਤੇ ਉਨ੍ਹਾਂ ਦੀ ਪੜਾਈ ਦਾ ਸਿਲੇਬਸ ਵੀ ਇਸੇ ਤੇ ਫੋਕਸ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਮਾਜ ਅਤੇ ਦੇਸ਼ ਤਰੱਕੀ ਕਰਦਾ ਹੈ ਤੇ ਨੌਜਵਾਨਾਂ ਲਈ ਰੁਜਗਾਰ ਉਪਲਬੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਨੂੰ ਵੀ ਹੁਲਾਰਾ ਮਿਲੇਗਾ।
ਡਾ ਮਧੂ ਚਿਤਕਾਰਾ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਆਪਟੀਕਲ ਉਦਯੋਗ ਵਿੱਚ ਕੰਮ ਕਰਨ ਦਾ ਵੀ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇਸ਼ ਦੇ ਨਾਮੀਂ ਅੱਖਾਂ ਦੇ ਹਸਪਤਾਲ ਵਿੱਚ ਵੀ ਟਰੇਨਿੰਗ ਹਾਸਿਲ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਕੋਰਸ ਪ੍ਰਾਪਤੀ ਉਪਰੰਤ ਵਿਦਿਆਰਥੀਆਂ ਦੀ ਲੋੜੀਂਦੀ ਪਲੇਸਮੈਂਟ ਵੀ ਯਕੀਨੀ ਬਣਾਈ ਜਾਵੇਗੀ।