ਜਗਦੀਸ਼ ਥਿੰਦ
ਫ਼ਾਜ਼ਿਲਕਾ, 22 ਸਤੰਬਰ
ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪੰਜਾਬ ਸਮਾਰਟ ਕੁਨੈਕਟ ਤਹਿਤ ਮੋਬਾਈਲ ਵੰਡਣ ਦੀ ਕੀਤੀ ਗਈ ਸ਼ੁਰੂਆਤ ਦੀ ਲੜੀ ਦੀ ਲਗਾਤਾਰਤਾ ਵਿਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ ਵਿਖੇ ਬਾਰਵੀਂ ਜਮਾਤ ਦੇ 942 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਇਹ ਸਮਾਰਟ ਫੋਨ ਵਿਧਾਇਕ ਫ਼ਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਦੀ ਅਗਾਵਾਈ ਹੇਠ ਵੰਡੇ ਗਏ। ਇਸ ਮੌਕੇ ਉਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੀ ਲਗਾਤਾਰਤਾ ਵਿਚ ਇਹ ਫੋਨ ਦਿੱਤੇ ਜਾ ਰਹੇ ਹਨ।
ਵਿਧਾਇਕ ਫ਼ਾਜ਼ਿਲਕਾ ਸ. ਘੁਬਾਇਆ ਨੇ ਕਿਹਾ ਕੈਪਟਨ ਸਰਕਾਰ ਨੇ ਆਪਣੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਮੋਬਾੲਲ ਦੇਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਸੰਕਟ ਦੇ ਬਾਵਜੂਦ ਵੀ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨਾਂ ਕਿਹਾ ਕਿ ਕਰੋਨਾ ਕਰਕੇ ਸਕੂਲ ਬੰਦ ਹਨ ਜਿਸ ਕਾਰਨ ਬੱਚਿਆਂ ਦੀ ਪੜਾਈਦਾ ਨੁਕਸਾਨ ਨਾ ਹੋਵੇ ਇਸ ਨਾਲ ਬੱਚੇ ਘਰ ਬੈਠੇ ਹੀ ਅਧਿਆਪਕਾਂ ਵੱਲੋਂ ਲਗਾਈਆਂ ਜਾਂਦੀਆਂ ਆਨਲਾਈਨ ਕਲਾਸਾਂ ਦਾ ਇਨਾਂ ਫੋਨਾਂ ਰਾਹੀਂ ਲਾਹਾ ਹਾਸਲ ਕਰ ਸਕਦੇ ਹਨ।
ਵਿਧਾਇਕ ਘੁਬਾਇਆ ਨੇ ਕਿਹਾ ਕਿ ਸਰਕਾਰ ਵੱਲੋਂ ਆਉਣ ਵਾਲੇ ਸਮੇਂ ’ਚ ਵਿਦਿਆਰਥੀਆਂ ਤੋਂ ਇਲਾਵਾ ਲੋੜਵੰਦਾਂ ਨੂੰ ਮੋਬਾਈਲ ਦਿੱਤੇ ਜਾਣਗੇ ਤਾਂ ਜੋ ਕੋਈ ਵੀ ਵਿਅਕਤੀ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਲੈਣ ਤੋਂ ਵਾਂਝਾ ਨਾ ਰਹਿ ਸਕੇ।
ਇਸ ਮੌਕੇ ਜ਼ਿਲਾ ਸਿਖਿਆ ਅਫਸਰ (ਸੈਕੰਡਰੀ) ਡਾ.ਤਿ੍ਰਲੋਚਨ ਸਿੰਘ ਅਤੇ ਜ਼ਿਲਾ ਸਿਖਿਆ ਅਫਸਰ (ਐਲੀਮੈਂਟਰੀ) ਡਾ. ਸੁਖਵੀਰ ਸਿੰਘ ਬੱਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕਰੋਨਾ ਕਰਕੇ ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਸੀ। ਉਨਾਂ ਕਿਹਾ ਕਿ ਜਿਨਾਂ ਪਰਿਵਾਰਾਂ ਦੀ ਆਰਥਿਕ ਸਥਿਤੀ ਚੰਗੀ ਹੈ ਤਾਂ ਉਨਾਂ ਦੇ ਬੱਚੇ ਤਾਂ ਮੋਬਾਈਲ ਰਾਹੀਂ ਆਨਲਾਈਨ ਕਲਾਸਾਂ ਲੈ ਰਹੇ ਹਨ ਪਰ ਜਿਨਾਂ ਦੀ ਸਥਿਤੀ ਠੀਕ ਨਹੀਂ ਸੀ ਤੇ ਮੋਬਾਈਲ ਨਹੀਂ ਸਨ ਉਨਾਂ ਨੂੰ ਇਸ ਸਕੀਮ ਤਹਿਤ ਮੋਬਾਈਲ ਮਿਲਣਾ ਬਹੁਤ ਹੀ ਲਾਹੇਵੰਦ ਸਾਬਿਤ ਹੋਇਆ ਹੈ। ਉਨਾਂ ਕਿਹਾ ਕਿ ਲੋੜਵੰਦ ਤੇ ਮਿਹਨਤੀ ਬੱਚੇ ਵੀ ਹੁਣ ਆਨਲਾਈਨ ਕਲਾਸਾਂ ਰਾਹੀਂ ਆਪਣੀ ਪੜਾਈ ਜਾਰੀ ਰੱਖ ਸਕਣਗੇ। ਉਨਾਂ ਦੱਸਿਆ ਕਿ ਵਿਦਿਆਰਥੀਆਂ ਵਿਚ ਵੀ ਮੋਬਾਈਲ ਮਿਲਣ’ਤੇ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਉਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸਕੂਲ ਲੜਕੇ ਵਿਖੇ 448 ਵਿਦਿਆਰਥੀਆਂ ਅਤੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ 494 ਵਿਦਿਆਰਥਣਾਂ ਨੂੰ ਮੋਬਾਈਲ ਦਿੱਤੇ ਗਏ।
ਇਸ ਮੌਕੇ ਸਕੂਲ ਪਿ੍ਰੰਸੀਪਲ ਰਾਜ ਕੁਮਾਰ ਵਰਮਾ, ਸੰਦੀਪ ਕੁਮਾਰ ਧੁੜੀਆ, ਸੁਖਵੰਤ ਸਿੰਘ ਵਾਈਸ ਚੇਅਰਮੈਨ, ਸੁਰਿੰਦਰ ਕੁਮਾਰ ਕਾਲੜਾ ਬਲਾਕ ਪ੍ਰਧਾਨ ਕਾਂਗਰਸ, ਸਨਮ ਮੁੰਜਾਲ, ਮਨੀਸ਼ ਕਟਾਰੀਆ, ਅਮਨ ਦੁਰੈਜਾ, ਚੇਤਨ ਗਰੋਵਰ, ਅਸ਼ੋਕ ਸੋਨੀ, ਗੁਰਜੀਤ ਸਿੰਘ, ਮਾਸਟਰ ਛਿੰਦਰ ਸਿੰਘ, ਗੁਲਸ਼ਨ ਕੁਮਾਰ ਕਾਲੜਾ, ਗੁਰਪ੍ਰੀਤ ਸਿੰਘ , ਵੇਦ ਸਹਾਰਨ, ਜੋਗਿੰਦਰ ਸਿੰਘ, ਗੁਰਜੀਤ ਸਿੰਘ, ਅਸ਼ੋਕ ਕੁਮਾਰ, ਬੂਟਾ ਸਿੰਘ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸ਼ਤੀ, ਬਲਦੇਵ ਸਿੰਘ, ਹਰਬੰਸ ਸਿੰਘ ਅਤੇ ਹੋਰ ਪਤਵੰਤੇ ਸਜਨ ਮੌਜੂਦ ਸਨ।