ਕੋਵਿਡ - 19 ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲਿਟ ਜਾਰੀ ਕਰਦੇ ਹੋਏ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਾਜ਼ਿਲਕਾ ਸ੍ਰ. ਭਪਿੰਦਰ ਸਿੰਘ ਬਰਾੜ ।
ਜਗਦੀਸ਼ ਥਿੰਦ
ਫਾਜ਼ਿਲਕਾ 23 ਸਤੰਬਰ:
ਕੋਰੋਨਾ ਵਾਇਰਸ ਖਿਲਾਫ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋ ਕੋਵਿਡ-19 ਤੋਂ ਬਚਾਅ ਢੰਗਾਂ ਬਾਰੇ ਘਰ-ਘਰ ਜਾ ਕੇ ਪੰਫਲੈਂਟ ਵੰਡ ਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਲੋਕਾਂ ਦੀ ਸਿਹਤਯਾਬੀ ਦਾ ਸੁਨੇਹਾ ਲੈ ਕੇ ਪੁੱਜੇ ਕਰਮਚਾਰੀ ਆਮ ਲੋਕਾਂ ਵਿੱਚ ਪੈਂਫਲਿਟ ਵੰਡਦੇ ਹੋਏ । ਤਸਵੀਰ : ਜਗਦੀਸ਼ ਥਿੰਦ
-------------------------------------------------------------------
ਇਸ ਤੋਂ ਇਲਾਵਾ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਫੈਲੀਆਂ ਅਫ਼ਵਾਹਾਂ ਤੋ ਜਾਣੂੰ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਆਰੰਭੀ ਗਈ। ਇਸ ਮੁਹਿੰਮ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਭੁਪਿੰਦਰ ਸਿੰਘ ਨੇ ਪੰਫਲੇਟ ਵੀ ਜਾਰੀ ਕੀਤਾ ਜਿਸ `ਤੇ ਕੋਰੋਨਾ ਵਾਇਰਸ ਦੇ ਲੱਛਣਾਂ ਤੇ ਬਚਾਅ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਯੁਵਕ ਸੇਵਾਵਾਂ ਵਿਭਾਗ ਦੇ ਨੁਮਾਇੰਦੇ ਅੰਕਿਤ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਨੌਜਵਾਨ ਕਲੱਬਾਂ ਦੇ ਮੈਂਬਰਾਂ, ਪੰਚਾਇਤਾਂ ਅਤੇ ਹੋਰ ਮੋਹਤਬਰਾਂ ਦੇ ਸਹਿਯੋਗ ਨਾਲ ਲੋਕਾਂ ਤੱਕ ਘਰ ਘਰ ਜਾ ਕੇ ਸੰਪਰਕ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਦੇ ਕਰਮਚਾਰੀਆਂ ਨੇ ਨੌਜਵਾਨ ਕਲੱਬਾਂ ਰਾਹੀ ਲੋਕਾਂ ਦੇ ਘਰ ਘਰ ਤੱਕ ਪਹੁੰਚ ਕੀਤੀ ਅਤੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਫੈਲੀਆਂ ਅਫ਼ਵਾਹਾਂ ਤੋ ਬਚਣ ਲਈ ਜਾਗਰੂਕ ਕੀਤਾ।
ਉਹਨਾਂ ਦੱਸਿਆ ਕਿ ਕੋਵਿਡ ਤੋਂ ਬਚਾਉਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪ੍ਰਚਾਰ ਸਮੱਗਰੀ ਵੰਡੀ ਜਾ ਰਹੀ ਹੈ। ਇਸ ਤੋ ਇਲਾਵਾ ਹੋਰ ਵੀ ਕਈ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਗਈਆਂ ਹਨ, ਜੌ ਕਿ ਲਗਾਤਾਰ ਜਾਰੀ ਰਹਿਣਗੀਆਂ।ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿਚ ਫੈਲਾਅ ਕੀਤਾ ਹੋਇਆ ਹੈ, ਇਸ ਬਿਮਾਰੀ ਨੂੰ ਜੜੋ ਖਤਮ ਕਰਨ ਲਈ ਜਰੂਰੀ ਹੈ ਕਿ ਲੋਕ ਆਪਣੀ ਸੈਪਲਿੰਗ ਅਤੇ ਇਲਾਜ ਸਹੀ ਸਮੇ ਤੇ ਕਰਵਾਉਣ। ਪਰ ਦੇਖਣ ਵਿੱਚ ਆ ਰਿਹਾ ਹੈ ਕਿ ਕੁਝ ਸ਼ਰਾਰਤੀ ਲੋਕ ਇਸ ਬਿਮਾਰੀ ਬਾਰੇ ਗਲਤ ਅਫ਼ਵਾਹਾਂ ਫੈਲਾਅ ਰਹੇ ਹਨ ਜਿਸ ਨਾਲ ਲੋਕ ਇਸ ਬਿਮਾਰੀ ਦਾ ਪਤਾ ਲਗਾਉਣ ਲਈ ਸੈਪਲਿੰਗ ਅਤੇ ਇਲਾਜ ਤੋ ਭੱਜ ਰਹੇ ਹਨ। ਜਿਸਦੇ ਨਤੀਜੇ ਵਜੋ ਸੂਬੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨਾਂ ਨੌਜਵਾਨਾਂ, ਧਾਰਮਿਕ ਆਗੂਆਂ, ਰਾਜਸੀ ਆਗੂਆਂ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਂਮਾਰੀ ਖਿਲਾਫ ਇਸ ਲੜਾਈ ਵਿੱਚ ਸਹਿਯੋਗ ਦੇਣ, ਤਾਂ ਜੋ ਇਸ ਬਿਮਾਰੀ ਨੂੰ ਜੜੋ ਖਤਮ ਕੀਤਾ ਜਾ ਸਕੇੇ।