ਮਨਿੰਦਰਜੀਤ ਸਿੱਧੂ
- ਜੈਤੋ ਬੱਸ ਸਟੈਂਡ ਚੌਂਕ ਕੋਲ ਲੱਗੇਗਾ ਧਰਨਾ
ਜੈਤੋ, 23 ਸਤੰਬਰ 2020 - ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਸੁਧਾਰਾਂ ਦੇ ਨਾਮ ਤੇ ਲਿਆਂਦੇ ਗਏ ਤਿੰਨ ਆਰਡੀਨੈਂਸਾ ਖਿਲਾਫ 25 ਸਿਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਜੈਤੋ ਇਲਾਕੇ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਦੇ ਸਮੂਹ ਵੱਲੋਂ ਨਹਿਰੂ ਪਾਰਕ ਵਿਖੇ ਇੱਕ ਮੀਟਿੰਗ ਕਰਕੇ 25 ਸਿਤੰਬਰ ਦੇ ਬੰਦ ਨੂੰ ਕਾਮਯਾਬ ਕਰਨ ਲਈ ਵਿਚਾਰ ਚਰਚਾ ਅਤੇ ਹੋ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ।ਮੀਟਿੰਗ ਵਿੱਚ ਪਹੁੰਚੇ ਆਗੂਆਂ ਨੇ ਕਿਹਾ ਕਿ ਇਹ ਮੋਦੀ ਹਕੂਮਤ ਸੱਤਾ ਦੇ ਨਸ਼ੇ ਵਿੱਚ ਪਾਗਲ ਹੋ ਕੇ ਆਪਣੀ ਹੋਸ਼ ਗਵਾ ਬੈਠੀ ਹੈ ਅਤੇ ਉਹ ਅੱਜ ਉਸ ਕਿਸਾਨ ਨੂੰ ਫਾਹੇ ਟੰਗਣ ਤੇ ਤੁਲੀ ਹੋਈ ਹੈ ਜਿਸਨੇ ਅਜ਼ਾਦੀ ਉਪਰੰਤ ਦੇਸ਼ ਦੇ ਹੱਥੋਂ ਠੂਠਾ ਸੁਟਵਾ ਕੇ ਦੇਸ਼ ਦੇ ਅੰਨ ਭੰਡਾਰ ਭਰੇ।ਮੋਦੀ ਹਕੂਮਤ ਇਹਨਾਂ ਤਿੰਨਾਂ ਆਰਡੀਨੈਂਸਾਂ ਰਾਹੀਂ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਅੰਬਾਨੀਆਂ ਅਡਾਨੀਆਂ ਨੂੰ ਸੌਂਪ ਕੇ ਕਿਸਾਨਾਂ ਨੂੰ ਉਹਨਾਂ ਨੇ ਮੁਜਾਹਰੇ ਬਣਾਉਣਾ ਚਾਹੁੰਦੀ ਹੈ। ਉਹਨਾਂ ਸਮੁੱਚੇ ਸ਼ਹਿਰਵਾਸੀਆਂ, ਵਪਾਰੀਆਂ, ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਇਸ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਣ ਅਤੇ ਆਪਣੇ ਕਾਰੋਬਾਰ ਪੂਰਨ ਤੌਰ ਤੇ ਬੰਦ ਰੱਖਣ।ਆਗੂਆਂ ਨੇ ਕਿਹਾ ਕਿ 25 ਸਿਤੰਬਰ ਨੂੰ ਸਮੁੱਚੇ ਪੰਜਾਬ ਨੂੰ ਬੰਦ ਰੱਖ ਕੇ ਬੋਲੀ ਅਤੇ ਤਾਨਾਸ਼ਾਹ ਮੋਦੀ ਸਰਕਾਰ ਨੂੰ ਜਗਾਇਆ ਜਾਵੇਗਾ।ਉਹਨਾਂ ਦੱਸਿਆ ਕਿ ਜੈਤੋ ਬੱਸ ਸਟੈਂਡ ਕੋਲ ਧਰਨਾ ਲਗਾ ਕੇ ਆਵਾਜਾਈ ਰੋਕੀ ਜਾਵੇਗੀ ਅਤੇ ਜੇਕਰ ਰੇਲਾਂ ਚੱਲੀਆਂ ਤਾਂ ਰੇਲਾਂ ਵੀ ਡੱਕੀਆਂ ਜਾਣਗੀਆਂ।