ਹਰਿੰਦਰ ਨਿੱਕਾ
ਸੰਗਰੂਰ, 23 ਸਤੰਬਰ 2020 - ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ ਮਨਦੀਪ ਸਿੰਘ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਫਲ ਅਤੇ ਪੋਸ਼ਟਿਕ ਬਗੀਚੀ ਲਗਾਉਣ ਸਬੰਧੀ ਪਿੰਡ ਬਿਗੜਵਾਲ ਵਿਖੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਦੌਰਾਨ ਡਾ ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਸਬਜ਼ੀਆਂ ਅਤੇ ਫਲਾਂ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵ, ਇਨਾਂ ਦੀ ਖੁਰਾਕੀ ਗੁਣਵੱਤਾ ਬਾਰੇ ਦੱਸਦਿਆਂ ਘਰੇਲੂ ਪੋਸ਼ਟਿਕ ਬਗੀਚੀ ਲਗਾਉਣ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਭਾਰਤੀ ਸਿਹਤ ਖੋਜ ਸੰਬਥਾ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਹਰ ਵਿਅਕਤੀ ਨੂੰ ਆਪਣੀ ਚੰਗੀ ਸਿਹਤ ਬਰਕਰਾਰ ਰੱਖਣ ਲਈ ਰੋਜ਼ਾਨਾ 300 ਗ੍ਰਾਮ ਸਬਜ਼ੀਆਂ ਅਤੇ 50 ਗ੍ਰਾਮ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਪੋਸ਼ਟਿਕਤਾ ਦੇ ਇਸ ਸੁਨੇਹੇ ਨੂੰ ਘਰ-ਘਰ ਅਪੱੜਦਾ ਕਰਨ ਲਈ ਪੀ ਏ ਯੂ ਵੱਲੋਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਤਿਆਰ ਕਰ ਕੇ ਕਿ੍ਰਸ਼ੀ ਵਿਗਿਆਨ ਕੇਂਦਰ, ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੇ ਦਫਤਰਾਂ ਵਿੱਚ ਪਹੁੰਚਾਈਆਂ ਗਈਆਂ ਹਨ।
ਡਾ ਸਤਬੀਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਸਾਫ - ਸੁਥਰਾ ਦੁੱਧ ਪੈਦਾ ਕਰਨ ਅਤੇ ਪਸ਼ੂਆਂ ਦੀ ਸਹੀ ਢੰਗ ਨਾਲ ਚੁਆਈ ਕਰਨ ਬਾਰੇ ਚਾਨਣਾ ਪਾਇਆ। ਡਾ. ਜਸਮੀਨ ਕੌਰ, ਸਹਾਇਕ ਪ੍ਰੋਫੈਸਰ (ਪੌਦਾ ਰੋਗ) ਨੇ ਘਰੇਲੂ ਬਗੀਚੀ ਵਿੱਚ ਆਉਣ ਵਾਲੇ ਕੀੜੇ ਮਕੌੜੇ ਅਤੇ ਬੀਮਾਰੀਆਂ ਦੀ ਰੋਕਥਾਮ ਸਬੰਧੀ ਨੁੱਕਤੇ ਕਿਸਾਨ ਬੀਬੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਕਿਸਾਨ ਬੀਬੀਆਂ ਨੂੰ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਨੂੰ ਸੁੱਚਜੇ ਢੰਗ ਨਾਲ ਪੈਦਾ ਕਰਨ ਲਈ ਸਬਜ਼ੀਆਂ ਦੀਆਂ ਕਿੱਟਾਂ ਅਤੇ ਖੇਤੀ ਸਾਹਿਤ ਮੁੱਹਈਆਂ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ 50 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।