• ਸਿਵਲ, ਪੁਲਿਸ, ਮੈਡੀਕਲ, ਫਾਇਰ ਅਤੇ ਐਨ.ਡੀ.ਆਰ.ਐਫ ਟੀਮਾਂ ਬਚਾਅ ਕਾਰਜਾਂ 'ਚ ਜੁਟੀਆਂ
• ਬਚਾਅ ਕਾਰਜ ਚਾਰ ਘੰਟੇ ਤੱਕ ਚਲੇ
• 2 ਕਰੇਨਾਂ ਅਤੇ 1 ਜੇ.ਸੀ.ਬੀ. ਨੂੰ ਬਚਾਅ ਕਾਰਜਾਂ ਵਿਚ ਲਗਾਇਆ
ਡੇਰਾਬੱਸੀ /ਐਸ.ਏ.ਐਸ. ਨਗਰ, 24 ਸਤੰਬਰ 2020 - ਡੇਰਾਬੱਸੀ ਸਬ-ਡਵੀਜ਼ਨ ਦੇ ਰਾਮਲੀਲਾ ਗਰਾਉਂਡ ਨੇੜੇ ਵਾਰਡ ਨੰਬਰ 14 ਵਿਚ ਉਸਾਰੀ ਅਧੀਨ ਇਕ ਵਪਾਰਕ ਇਮਾਰਤ ਪਹਿਲੀ ਮੰਜ਼ਿਲ ਦੀ ਉਸਾਰੀ ਦੌਰਾਨ ਵੀਰਵਾਰ ਸਵੇਰੇ 9:30 ਵਜੇ ਢਹਿ-ਢੇਰੀ ਹੋ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐੱਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ ਜੋ ਸੂਚਨਾ ਮਿਲਦਿਆਂ ਹੀ ਸਥਾਨਕ ਐਸ.ਡੀ.ਐਮ ਨਾਲ ਤੁਰੰਤ ਘਟਨਾ ਵਾਲੇ ਸਥਾਨ 'ਤੇ ਪਹੁੰਚੇ।
ਤਕਰੀਬਨ ਚਾਰ ਘੰਟਿਆਂ ਦੇ ਬਚਾਅ ਕਾਰਜਾਂ ਦੌਰਾਨ, ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਦੋ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ, ਜਦਕਿ ਮਲਬੇ ਵਿਚ ਫਸੇ ਹੋਰਨਾਂ ਨੂੰ ਬਚਾਉਣ ਵਿਚ ਐਨ.ਡੀ.ਆਰ.ਐਫ ਟੀਮਾਂ ਨੂੰ ਦੋ ਘੰਟੇ ਹੋਰ ਲੱਗੇ। ਬਦਕਿਸਮਤੀ ਨਾਲ, ਚਾਰੇ ਵਿਅਕਤੀਆਂ ਦੀ ਜਾਨ ਚਲੀ ਗਈ। ਆਪਣੀ ਜਾਨ ਗਵਾਉਣ ਵਾਲੇ ਵਿਅਕਤੀਆਂ ਵਿਚ ਇਮਾਰਤ ਵਿਚ ਕੰਮ ਕਰਨ ਵਾਲੇ ਤਿੰਨ ਪ੍ਰਵਾਸੀ ਮਜ਼ਦੂਰ ਅਤੇ ਇਮਾਰਤ ਦਾ ਮਾਲਕ ਵੀ ਸ਼ਾਮਲ ਸੀ ਜਿਸ ਨੂੰ ਮੌਕੇ ਤੇ ਸਥਾਨਕ ਸਿਵਲ ਪ੍ਰਸ਼ਾਸ਼ਨ ਵਲੋਂ ਗੰਭੀਰ ਰੂਪ ਵਿਚ ਜ਼ਖਮੀ ਹੋਣ ਕਾਰਨ ਡਾਕਟਰੀ ਸਹਾਇਤਾ ਲਈ ਤੁਰੰਤ ਜੀਐਮਸੀਐਚ ਸੈਕਟਰ 32 ਭੇਜਿਆ ਗਿਆ ਸੀ ਪਰ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਗੋਪੀ ਚੰਦ (60 ਸਾਲ), ਰਾਜੂ (ਲਗਭਗ 46 ਸਾਲ) ਅਤੇ ਰਮੇਸ਼ (ਉਮਰ ਕਰੀਬ 45 ਸਾਲ) ਉਸਾਰੀ ਮਜ਼ਦੂਰਾਂ ਵਜੋਂ ਹੋਈ ਹੈ ਅਤੇ ਇਮਾਰਤ ਦਾ ਮਾਲਕ 72 ਸਾਲ ਹਰਦੇਵ ਸਿੰਘ ਸੀ।
ਇਸੇ ਦੌਰਾਨ 4 ਹੋਰ ਮਜ਼ਦੂਰ ਜੋ ਇਮਾਰਤ ਦੇ ਨੇੜੇ ਕੰਮ ਕਰ ਰਹੇ ਸਨ ਪਰ ਇਮਾਰਤ ਦੀ ਛੱਤ ਦੇ ਅਚਾਨਕ ਡਿੱਗਣ ਦੇ ਬਾਵਜੂਦ ਬਚ ਗਏ।
ਕੁਲਦੀਪ ਬਾਵਾ, ਐਸਡੀਐਮ ਡੇਰਾਬਸੀ ਜਿਨ੍ਹਾਂ ਨੇ ਖੁਦ ਸਾਰੇ ਬਚਾਅ ਕਾਰਜਾਂ ਦਾ ਨਿਰੀਖਣ ਕੀਤਾ, ਨੇ ਦੱਸਿਆ, “ਸਿਵਲ, ਪੁਲਿਸ, ਮੈਡੀਕਲ, ਫਾਇਰ ਅਤੇ ਐਨਡੀਆਰਐਫ ਟੀਮਾਂ ਸਮੇਂ ਸਿਰ ਮੌਕੇ ਤੇ ਪਹੁੰਚੀਆਂ। ਸੂਚਨਾ ਮਿਲਦਿਆਂ ਹੀ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਬਿਜਲੀ ਦੇ ਝਟਕੇ ਅਤੇ ਹੋਰ ਸਬੰਧਤ ਘਟਨਾਵਾਂ ਤੋਂ ਬਚਣ ਲਈ ਇਮਾਰਤ ਦੀ ਬਿਜਲੀ ਸਪਲਾਈ ਤੁਰੰਤ ਕੱਟ ਦਿੱਤੀ ਗਈ।”
ਉਹਨਾਂ ਕਿਹਾ ਕਿ ਇਮਾਰਤ ਦੇ ਡਿੱਗਣ ਦਾ ਕਾਰਨ ਐਮ.ਸੀ. ਦੇ ਬਿਲਡਿੰਗ ਇੰਸਪੈਕਟਰ ਵਲੋਂ ਮੌਕੇ ਦਾ ਨਿਰੀਖਣ ਕਰਨ ਉਪਰੰਤ ਗਲ਼ਤ ਸੈਨੇਟਰੀ ਫਿੰਟਿੰਗ ਦੱਸਿਆ ਗਿਆ।
ਜ਼ਿਕਰਯੋਗ ਹੈ ਕਿ ਮਲਬੇ ਵਿਚ ਕਿਸੇ ਵਿਅਕਤੀ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਸੂਹੀ ਕੁੱਤਿਆਂ ਦੀ ਵਰਤੋਂ ਕੀਤੀ ਗਈ ਅਤੇ ਮਲਬੇ ਵਿਚ ਕਿਸੇ ਹੋਰ ਵਿਅਕਤੀ ਦੇ ਨਾ ਮਿਲਣ ਬਾਅਦ, ਚਾਰ ਘੰਟੇ ਦੀ ਜੱਦੋ ਜਹਿਦ ਮਗਰੋਂ ਬਚਾਅ ਅਭਿਆਨ ਨੂੰ ਬੰਦ ਕਰ ਦਿੱਤਾ ਗਿਆ।