ਜਗਦੀਸ਼ ਥਿੰਦ
ਫਾਜ਼ਿਲਕਾ, 24 ਸਤੰਬਰ:
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬਿਮਾਰੀਆਂ ਦੇ ਨਾਲ ਲੜਨ ਲਈ ਸਰੀਰ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈਡ ਦੁਆਰਾ ਤਿਆਰ ਇੱਕ ਪੌਸਟਿਕ ਪੀਣ ਵਾਲਾ ਪਦਾਰਥ ‘ਵੇਰਕਾ ਹਲਦੀ ਦੁੱਧ’ ਅੱਜ ਜਾਰੀ ਕੀਤਾ ਹੈ। ਇਸ ਮੌਕੇ ਬੋਰਡ ਆਫ ਡਾਇਰੈਕਟਰ ਰੁਬਾਸ਼ ਸਿੰਘ ਜਾਖੜ, ਵੇਰਕਾ ਦੇ ਜਨਰਲ ਮੈਨੇਜਰ ਸ. ਸਰਸੇਵਕ ਸਿੰਘ ਗਿੱਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਦੇ ਪੱਖ ਤੋਂ ਹਲਦੀ ਦੇ ਔਸਧੀ ਗੁਣਾਂ ਨਾਲ ਭਰਪੂਰ ਇਹ ਉਤਪਾਦ ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨਾਂ ਕਿਹਾ ਕਿ ਇਹ ਹਲਦੀ ਦੁੱਧ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ’ਚ ਤੰਦਰੁਸਤ ਰਹਿਣ ਅਤੇ ਆਪਣੀ ਰੋਗ ਪ੍ਰਤੀਰੋਧਕ ਸਕਤੀ (ਇਮਿਉਨਟੀ) ਵਧਾਉਣ ਲਈ ਬਦਲਵੇਂ ਤਰੀਕੇ ਵਜੋਂ ਸਾਹਮਣੇ ਆਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੇਰਕਾ ਹਲਦੀ ਦੁੱਧ ਇਕ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਬਾਇਓਤਕਨਾਲੋਜੀ ਵਿਭਾਗ, ਦੁਆਰਾ ਵਿਕਸਤ ਤੇ ਪੇਟੈਂਟ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਹ ਆਮ ਹਲਦੀ ਨਾਲੋਂ ਮਨੁੱਖੀ ਸਰੀਰ ਦੀ ਹਜਮ ਕਰਨ ਦੀ ਸਕਤੀ ਨੂੰ 10 ਗੁਣਾ ਜਿਆਦਾ ਕਰਦਾ ਹੈ ਅਤੇ ਦੁੱਧ ਵਿਚ ਪੂਰੀ ਤਰਾਂ ਘੁਲਣਸੀਲ ਹੋਣ ਕਾਰਨ ਇਸ ਫਾਰਮੂਲੇ ਨੇ ਉਤਪਾਦ ਨੂੰ ਇਕ ਸੁਚਾਰੂ ਬਣਤਰ ਦਿੱਤੀ ਹੈ।
ਵੇਰਕਾ ਮਿਲਕ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਵੇਰਕਾ ਨੇ ਇਸ ਸੁਆਦੀ, ਸਿਹਤਮੰਦ ਅਤੇ ਇਮਿਉਨਟੀ ਨੂੰ ਵਧਾਉਣ ਵਾਲੇ ਡਰਿੰਕ, ਜਿਸ ਵਿੱਚ ਕਰਕੂਮਿਨਔਡਸ ਅਤੇ ਨਾਨ-ਕਰਕੁਮਿਨੋਇਡਜ ਜਿਵੇਂ ਟੂਰਮੇਰੋਨਜ ਦੋਵਾਂ ਦੇ ਲਾਭ ਹਨ, ਨੂੰ ਤਿਆਰ ਕਰਨ ਲਈ 50 ਸਾਲਾਂ ਤੋਂ ਵੱਧ ਸਮੇਂ ਦੀ ਆਪਣੀ ਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ। ਉਨਾਂ ਦੱਸਿਆ ਕਿ ਵੇਰਕਾ ਹਲਦੀ ਦੁੱਧ 25 ਰੁਪਏ (200 ਮਿਲੀਲੀਟਰ) ਦੀ ਕੀਮਤ ਵਿੱਚ ਲਾਂਚ ਕੀਤਾ ਗਿਆ ਹੈ ਜੋ ਸਮਾਜ ਦੇ ਸਾਰੇ ਵਰਗਾਂ ਵਿੱਚ ਹੈ ਅਤੇ ਇਹ ਦੁੱਧ ਛੋਟੀ ਉਮਰ ਦੇ ਬੱਚਿਆਂ ਤੇ ਬਜੁਰਗਾਂ ਦੀ ਸਿਹਤ ਲਈ ਲਾਭਕਾਰੀ ਹੋਵੇਗਾ। ਉਨਾਂ ਦੱਸਿਆ ਕਿ ਇਹ ਉਤਪਾਦ ਸਾਰੀਆਂ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ ’ਤੇ ਉਪਲੱਬਧ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਕੰਵਰਜੀਤ ਸਿੰਘ, ਡਿਪਟੀ ਮੈਨੇਜਰ ਡਾ. ਜੈ ਸ਼ਿਵ ਗਾਬਾ, ਏਰੀਆ ਇੰਚਾਰਜ ਲਖਵਿੰਦਰ ਸਿੰਘ, ਐਮ.ਪੀ.ਏ. ਬਲਜੀਤ ਸਿੰਘ ਭੁੱਲਰ, ਇੰਚਾਰਜ ਸਟੋਰ ਰਵਿੰਦਰਜੀਤ ਸਿੰਘ ਸੰਧੂ, ਰੂਟ ਇੰਚਾਰਜ ਗੁਰਜੀਤ ਸਿੰਘ ਭੁੱਲਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।