ਸ਼ਰਨਜੀਤ ਸਿੰਘ ਤਖਤਰ
ਸੁਲਤਾਨਪੁਰ ਲੋਧੀ, 25 ਸਤੰਬਰ 2020 - ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਵਾਇਆ ਅੰਮ੍ਰਿਤਸਰ-ਕੱਟੜਾ ਲਈ ਬਣਾਏ ਜਾ ਰਹੇ ਨੈਸ਼ਨਲ ਹਾਈਵੇਅ ਦੇ ਪਾਣੀਆਂ ਦੇ ਕੁਦਰਤੀ ਸਰੋਤਾਂ ਉਪਰੋਂ ਦੀ ਲੰਘਣ ਸਮੇਂ ਜਲਚਰ ਜੀਵਾਂ, ਪੰਛੀਆਂ ਅਤੇ ਜੰਗਲੀ ਜੀਵਾਂ ਤੇ ਪੈਣ ਵਾਲੇ ਪ੍ਰਭਾਵਾਂ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਜੰਗਲੀ ਜੀਵਨ ਵਾਰਡਨ ਕੁਲਦੀਪ ਕੁਮਾਰ ਲੌਮਿਸ ਅਤੇ ਵਾਤਾਵਰਣ ਪਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਿਚਕਾਰ ਬਿਆਸ ਦਰਿਆ ਤੇ ਪਵਿੱਤਰ ਕਾਲੀ ਵੇਈਂ ਵਿੱਚਲੇ ਜਲਚਰ ਜੀਵਾਂ ਦੇ ਬਚਾਅ ਲਈ ਡੇਢ ਘੰਟੇ ਤੱਕ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਤਲਵੰਡੀ ਪਾਂਈ ਤੇ ਮਿੱਠੜਾ ਪਿੰਡ ਦੇ ਕਿਸਾਨ ਵੀ ਸ਼ਾਮਲ ਹੋਏ, ਜਿੰਨ੍ਹਾਂ ਦੇ ਇਲਾਕੇ ਵਿੱਚੋਂ ਦੀ ਨੈਸ਼ਨਲ ਹਾਈਵੇਅ ਨਿਕਲਣਾ ਹੈ। ਦਿੱਲੀ ਤੋਂ ਆਉਣ ਵਾਲਾ ਇਹ ਨੈਸ਼ਨਲ ਹਾਈਵੇ ਪਿੰਡ ਕੰਗ ਸਾਬੂ ਕੋਲੋ ਆ ਕੇ ਦੋ ਹਿੱਸਿਆ ਵਿੱਚ ਵੰਡਿਆ ਜਾਣਾ ਹੈ। ਹਾਈਵੇਅ ਦੇ ਇਹ ਦੋਵੇਂ ਹਿੱਸੇ ਬਿਆਸ ਦਰਿਆ ਤੇ ਪਵਿੱਤਰ ਕਾਲੀ ਵੇਈਂ ਉਪਰੋਂ ਦੀ ਹੋ ਕੇ ਲੰਘਣੇ ਹਨ। ਜੰਗਲੀ ਜੀਵਾਂ ਬਾਰੇ ਪੰਜਾਬ ਦੇ ਮੁੱਖ ਵਾਰਡਨ ਕੁਲਦੀਪ ਕੁਮਾਰ ਲੌਮਿਸ ਨੇ ਦੱਸਿਆ ਬਿਆਸ ਦਰਿਆ ਵਿੱਚ ਡੌਲਫਿਨ, ਮੱਗਰਮੱਛ ਤੇ ਊਦਬਲਾ ਵੀ ਹਨ। ਜਦੋਂ ਬਿਆਸ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਹੁੰਦਾ ਹੈ ਤਾਂ ਡੌਲਫਿਨ ਹਰੀਕੇ ਪੱਤਣ ਤੋਂ ਗੋਇੰਦਵਾਲ ਸਾਹਿਬ ਦੇ ਪੁੱਲ ਤੱਕ ਆ ਜਾਂਦੀਆਂ ਹਨ। ਇਸੇ ਤਰ੍ਹਾਂ ਕਾਂਜਲੀ ਜਲ ਗਾਹ ਜਿਹੜੀ ਕਿ ਪਵਿੱਤਰ ਕਾਲੀ ਵੇਈਂ ਦਾ ਹਿੱਸਾ ਹੈ ਉਥੇ ਪਰਵਾਸੀ ਪੰਛੀ ਆਉਂਦੇ ਹਨ। ਹਾਈਵੇ ਬਣਨ ਨਾਲ ਇੰਨ੍ਹਾਂ ਪੰਛੀਆਂ ਤੇ ਜੰਗਲੀ ਜੀਵਾਂ ਦੇ ਲਾਂਘਿਆਂ ਵਿੱਚ ਜਿਹੜੀਆਂ ਰੁੱਕਾਵਟਾਂ ਖੜੀਆਂ ਹੋਣਗੀਆਂ ਉਨ੍ਹਾਂ ਨੂੰ ਸਮਝਣ ਲਈ ਇੰਨ੍ਹਾਂ ਜੀਵਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਦਾ ਜੀਵਨ ਸੁਰੱਖਿਅਤ ਰੱਖਣ ਲਈ ਕਿਹੜੀ-ਕਿਹੜੀ ਥਾਂ ਤੋਂ ਲਾਂਘੇ ਰੱਖਣੇ ਹਨ ਉਸ ਬਾਰੇ ਸੰਤ ਸੀਚੇਵਾਲ ਨਾਲ ਚਰਚਾ ਕੀਤੀ ਗਈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਲਾਕੇ ਦੇ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਮਿਲੇ ਤੇ ਕਿਸਾਨਾਂ ਦੀਆਂ ਆਰਗੈਨਿਕ ਜਿਣਸਾਂ ਵੇਚਣ ਲਈ ਕਿਸਾਨ ਹੱਟ ਬਣਾਏ ਜਾਣ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਵੀ ਚਲ ਸਕੇ।
ਇਲਾਕੇ ਦੇ ਕਿਸਾਨਾਂ ਨੇ ਆਪਣੀਆਂ ਸਮਸਿਆਵਾਂ ਦੱਸ ਦਿਆ ਟੀਮ ਨੂੰ ਜਾਣੂ ਕਰਵਾਇਆ ਕਿ ਨੈਸ਼ਨਲ ਹਾਈਵੇ ਬਣਨ ਨਾਲ ਉਨ੍ਹਾਂ ਨੂੰ ਲੰਘਣ ਦੀ ਸਮਸਿਆ ਆਵੇਗੀ ਤੇ ਪਾਣੀਆਂ ਦੇ ਕੁਦਰਤੀ ਸਰੋਤਾਂ ਉਪਰ ਦੀ ਬਣਾਏ ਜਾਣ ਵਾਲੇ ਪੁਲਾਂ ਦੇ ਹੇਠ ਲਈ ਲਾਂਘੇ ਛੱਡੇ ਜਾਣ ਤਾਂ ਜੋ ਉਹ ਆਪਣੇ ਮਾਲ ਡੰਗਰਾਂ ਨੂੰ ਇਧਰ-ਉਧਰ ਲੈ ਜਾਣ ਵਿੱਚ ਅਸਾਨੀ ਨਾਲ ਲੈ ਜਾ ਸਕਣ। ਇਸ ਟੀਮ ਵਿੱਚ ਇਸ ਪ੍ਰੋਜੈਕਟ ਦੇ ਸਲਾਹਕਾਰ ਬਲਬੀਰ ਸਿੰਘ, ਬਲਬੀਰ ਸਿੰਘ ਢਿੱਲੋਂ,ਜੰਗਲੀ ਜੀਵਨ ਅਫ਼ਸਰ ਰਣਬੀਰ ਸਿੰਘ ਤੇ ਭੁਪਿੰਦਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।