ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 25 ਸਤੰਬਰ , ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਤਿੰਨ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨੀ ਲੱਖੋਵਾਲ ਵੱਲੋਂ ਫ਼ਿਰੋਜ਼ਪੁਰ ਫ਼ਾਜ਼ਿਲਕਾ ਜਰਨੈਲੀ ਸੜਕ ਉਪਰ ਬੱਸ ਅੱਡਾ ਜੀਵਾਂ ਅਰਾਈਂ ਦੇ ਨੇੜੇ ਧਰਨਾ ਮਾਰ ਕੇ ਰੋਸ ਦਾ ਪ੍ਰਗਟਾਵਾ ਕੀਤਾ ।
ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਤਾਕਤਾਂ ਅੱਗੇ ਗੋਡੇ ਟੇਕ ਕੇ ਮੋਦੀ ਸਰਕਾਰ ਕਿਸਾਨਾਂ ਨੂੰ ਖੇਤੀ ਤੋਂ ਲਾਂਭੇ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ ।
ਤਿੰਨ ਬਿੱਲ ਪਾਸ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਮ ਐਸ ਪੀ ਜਾਰੀ ਰਹੇਗੀ ਪਰ ਇਹ ਸਪੱਸ਼ਟ ਹੈ ਕਿ ਐੱਮ ਐੱਸ ਪੀ ਹੋਣ ਦੇ ਬਾਵਜੂਦ ਕਣਕ , ਝੋਨਾ ਤੋਂ ਇਲਾਵਾ ਸਰਕਾਰੀ ਏਜੰਸੀਆਂ ਦੂਜੀਆਂ ਫ਼ਸਲਾਂ ਨੂੰ ਐਮਐਸਪੀ ਰੇਟ ਤੇ ਕਿਉਂ ਨਹੀਂ ਖਰੀਦ ਕਰਦੀਆਂ ।
ਬਲਵਿੰਦਰ ਪਾਲ ਬੱਟੀ ਸਰਪੰਚ ਕੁੱਤਬਗੜ੍ਹ ਭਾਟਾ ਨੇ ਕਿਹਾ ਕਿ ਜਿਸ ਤਰ੍ਹਾਂ ਮੱਕੀ ਦੀ ਜਿਣਸ ਦਾ ਐੱਮ ਐੱਸ ਪੀ ਭਾਅ 1800 ਰੁਪਏ ਹੈ ਪਰ ਸਰਕਾਰਾਂ ਵੱਲੋਂ ਇਸ ਨੂੰ ਨਾ ਖਰੀਦਣ ਕਾਰਨ ਪ੍ਰਾਈਵੇਟ ਸੈਕਟਰ ਵਿੱਚ ਇਹ 8 ਤੋਂ 12 ਰੁਪਏ ਤੱਕ ਵਿਕਦੀ ਹੈ ।
ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਬਿਜਲੀ , ਰੋਡਵੇਜ਼ , ਦੇਸ਼ ਦੀਆਂ ਸੜਕਾਂ ਅਤੇ ਹੋਰ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਗਿਆ ਹੈ ਉਸ ਤਰ੍ਹਾਂ ਹੀ ਵਪਾਰੀਆਂ ਨੂੰ ਖੇਤੀ ਜਿਨਸਾਂ ਨੂੰ ਸਟੋਰ ਕਰਨ ਦੀ ਖੁੱਲ੍ਹ ਦੇ ਕੇ ਕਿਸਾਨ ਮਜ਼ਦੂਰ ਆੜ੍ਹਤੀ ਵਰਗ ਤੋਂ ਇਲਾਵਾ ਖੇਤੀ ਨਾਲ ਸਬੰਧਿਤ ਸਾਰੇ ਹੀ ਖੇਤਰਾਂ ਦੇ ਲੋਕਾਂ ਦੀ ਆਰਥਿਕਤਾ ਖ਼ਤਮ ਕਰਨ ਦਾ ਮੂਡ ਬਣਾ ਦਿੱਤਾ ਗਿਆ ਹੈ ।
ਇਸ ਮੌਕੇ ਦੇਸ ਰਾਜ ਸੰਧਾ , ਡਾਕਟਰ ਸੁਰਜੀਤ ਸਿੰਘ , ਹੰਸ ਰਾਜ ਬੱਟੀ , ਸੋਹਣ ਲਾਲ ਬੱਟੀ ,ਰਿੰਕੂ ਬੱਟੀ , ਰਜਨੀਸ਼ ਕੰਬੋਜ , ਬਲਵਿੰਦਰ ਜਈਆ , ਸੁਖਜਿੰਦਰ ਜਈਆ , ਸਮਾਈਲ ਕੰਬੋਜ਼ , ਕੈਪਟਨ ਸੰਧਾ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।