ਗੁਰਦੁਆਰਾ ਪ੍ਰਗਟ ਸਾਹਿਬ ਨੇੜੇ ਇਕੱਤਰ ਹੋਏ ਕਿਸਾਨਾਂ , ਮਜ਼ਦੂਰਾਂ ਦਾ ਵੱਡਾ ਇਕੱਠ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 25 ਸਤੰਬਰ , ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ; ਕਿਸਾਨ (ਸਸ਼ਕਤੀਕਰਣ ਅਤੇ ਸੁਰੱਖਿਆ) ਕੀਮਤਾਂ ਦਾ ਭਰੋਸਾ ਅਤੇ ਖੇਤੀ ਸੇਵਾਵਾਂ ਕਾਨੂੰਨ 2020, ਖੇਤੀ ਪੈਦਾਵਾਰ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤਾਂ) ਕਾਨੂੰਨ 2020 ਅਤੇ ਜਰੂਰੀ ਵਸਤੂਆਂ (ਸੋਧ) ਕਾਨੂੰਨ 2020 ਨੂੰ ਰੱਦ ਕਰਵਾਉਣ ਲਈ ਸਮੂਹਿਕ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੁੱਲ ਹਿੰਦ ਕਿਸਾਨ ਮਜ਼ਦੂਰ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਅੱਜ ਸ਼੍ਰੀ ਪ੍ਰਗਟ ਸਾਹਿਬ ਗੁਰੂਦੁਆਰਾ ਨੇੜੇ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਰੋਡ ਤੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵਲੋਂ ਮੁਕੰਮਲ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ ਦੇ ਇਸ ਪੰਜਾਬ ਬੰਦ ਦੇ ਸੱਦੇ ਤੇ ਵੱਖ ਵੱਖ ਸਮਾਜਕ ਅਤੇ ਧਾਰਮਿਕ ਜਥੇਬੰਦੀਆਂ; ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਸਰਪੰਚ ਯੂਨੀਅਨ ਮਮਦੋਟ,--- ਵਲੋਂ ਵੀ ਪੂਰਨ ਹਮਾਇਤ ਕਰਦਿਆਂ ਚੱਕਾ ਜਾਮ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਚੱਕਾ ਜਾਮ ਪ੍ਰਦਰਸ਼ਨ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਦੇਸ ਰਾਜ ਬਾਜੇ ਕੇ ਅਤੇ ਬੂਟਾ ਸਿੰਘ,ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਕਾਮਰੇਡ ਭਗਵਾਨ ਦਾਸ ਬਹਾਦਰ ਕੇ ਅਤੇ ਚਰਨਜੀਤ ਸਿੰਘ ਛਾਂਗਾ ਰਾਏ, ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜ਼ਿਲਾ ਆਗੂ ਦਰਸ਼ਨ ਸਿੰਘ ਕੜਮਾਂ, ਆਲ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਅਤੇ ਜਿਲ੍ਹਾ ਸਕੱਤਰ ਕਾਮਰੇਡ ਹੰਸਾ ਸਿੰਘ ਧੂਆਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲਾ ਪ੍ਰਧਾਨ (ਪੱਛਮੀ) ਗੁਰਮੀਤ ਸਿੰਘ ਘੋੜੇਚੱਕ ਅਤੇ ਮੀਤ ਪ੍ਰਧਾਨ ਮਹਿੰਦਰ ਸਿੰਘ ਸੋਢੀ ਨੇ ਕੀਤੀ। ਇਸ ਮੌਕੇ ਕਿਸਾਨਾਂ ਦੇ ਭਰਪੂਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਮੁੱਢੋ ਹੀ ਕਿਸਾਨ ਵਿਰੋਧੀ ਹਨ ਅਤੇ ਸ਼ਰੇਆਮ ਕਾਰਪੋਰੇਟ ਘਰਾਣਿਆਂ ਦੀ ਪਖਪੂਰਤੀ ਕਰਦੇ ਹਨ। ਜਿਸ ਨਾਲ ਕਿਸਾਨ ਦੀ ਹਾਲਤ ਹੋਰ ਬੱਦ ਤੋਂ ਬੱਦਤਰ ਹੋਵੇਗੀ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਹਨਾਂ ਖੇਤੀ ਕਾਨੂੰਨਾਂ ਨਾਲ ਜਿੱਥੇ ਚਿਰਾਂ ਤੋਂ ਚਲੇ ਆ ਰਹੇ ਮੰਡੀ ਪ੍ਰਬੰਧ ਦਾ ਲਗਪਗ ਭੋਗ ਪੈ ਜਾਵੇਗਾ, ਓਥੇ ਫਸਲ ਦੀ ਸਰਕਾਰੀ ਖਰੀਦ ( ਐਮ ਐਸ ਪੀ ) ਦੇ ਖਤਮ ਹੋਣ ਨਾਲ ਪ੍ਰਾਈਵੇਟ ਖਰੀਦਦਾਰ ਜਾਂ ਠੇਕੇਦਾਰ ਕਿਸਾਨਾਂ ਦਾ ਰੱਜ ਕੇ ਸ਼ੋਸ਼ਣ ਕਰਨ ਲਈ ਆਜ਼ਾਦ ਹੋ ਜਾਣਗੇ ਅਤੇ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਨਿਗੂਣੇ ਮੁੱਲ ਤੇ ਵੇਚਣ ਲਈ ਮਜ਼ਬੂਰ ਹੋਣਾ ਪਵੇਗਾ। ਕਿਸਾਨ ਆਗੂਆਂ ਨੇ ਮੋਦੀ ਵੱਲੋਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਭਰੋਸੇ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਕਿਸਾਨਾਂ ਨਾਲ ਸਿਰਫ ਛਲਾਵਾ ਕੀਤਾ ਜਾ ਰਿਹਾ ਹੈ ਜਿਸ ਤੇ ਕਿਸਾਨ ਹਰਗਿਜ਼ ਭਰੋਸਾ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਨ ਵਾਲੇ ਹਰ ਵਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਸੰਘਰਸ਼ ਨੂੰ ਦਿੱਲੀ ਤੱਕ ਲੈ ਜਾਣਗੀਆਂ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਰੋਸ ਪ੍ਰਦਰਸ਼ਨ ਨੂੰ ਉਕਤ ਆਗੂਆਂ ਤੋਂ ਇਲਾਵਾ ਬੇਰੁਜ਼ਗਾਰ ਈ ਟੀ ਟੀ ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਦੀਪਕ ਕੰਬੋਜ਼, ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਪ੍ਰਧਾਨ ਕੁਲਜੀਤ ਕੌਰ, ਭੀਮ ਕੰਬੋਜ ਪ੍ਰਧਾਨ ਆੜਤੀ ਯੂਨੀਅਨ, ਟੀਚਰਜ਼ ਯੂਨੀਅਨ ਦੇ ਪ੍ਰਧਾਨ ਰਜਿੰਦਰ ਹਾਂਡਾ, ਸਰਬ ਭਾਰਤ ਨੌਜਵਾਨ ਸਭਾ ਦੇ ਪਿਆਰਾ ਮੇਘਾ, ਗੁਰਮੀਤ ਸਿੰਘ ਮੋਠਾਂ ਵਾਲਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮੈਡੀਕਲ ਐਸੋਸੀਏਸ਼ਨ ਬਲਾਕ ਮਮਦੋਟ, ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ, ਨਰੇਸ਼ ਸੇਠੀ ਆਗੂ ਲੋਕ ਸੰਗਰਾਮ ਮੰਚ, ਸੁਖਵਿੰਦਰ ਸਿੰਘ ਬਰਾੜ ਝਦੀਵਾਲਾ, ਇਕਬਾਲ ਸਿੰਘ ਮਾਨ ਦਲ, ਸੰਪੂਰਨ ਵਿਰਕ, ਕੁਲਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਮੰਗਲ ਸਿੰਘ ਜਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੰਬੋਧਨ ਕੀਤਾ