← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 26 ਸਤੰਬਰ:
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਝੋਨੇ ਦੀ ਕਟਾਈ ਥੋੜੇ ਦਿਨਾਂ ਵਿਚ ਸ਼ੁਰੂ ਹੋਣ ਵਾਲੀ ਹੈ ਜ਼ੋ ਕਿ ਕੇਵਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ) ਯੁਕਤ ਕੰਬਾਇਨ ਹਾਰਵੈਸਟਰਾਂ ਰਾਹੀਂ ਹੀ ਕਰਵਾਏ ਜਾਣ ਦਾ ਫੈਸਲਾ ਨਿਸ਼ਚਿਤ ਹੋਇਆ ਹੈ। ਉਨਾਂ ਅਪੀਲ ਕੀਤੀ ਹੈ ਕਿ ਫੈਸਲੇ ਨੂੰ ਧਿਆਨ ਵਿਚ ਰੱਖਦਿਆਂ ਝੋਨੇ ਦੀ ਕਟਾਈ ਐਸ.ਐਮ.ਐਸ ਯੁਕਤ ਕੰਬਾਇਨ ਹਾਰਵੈਸਟਰਾਂ ਰਾਹੀਂ ਹੀ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਕੰਬਾਇਨ ਹਾਰਵੈਸਟਰਾਂ ਤੇ ਸੁਪਰ ਐਸ.ਐਮ.ਐਸ ਲਗਾਉਣ ਲਈ ਸਰਕਾਰ ਵੱਲੋਂ 50 ਫੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿਦਿਆਂ ਮੁੱਖ ਖੇਤੀਬਾੜੀ ਅਫਸਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਏਅਰ (ਪ੍ਰੀਵੈਨਸ਼ਨ ਤੇ ਕੰਟਰੋਲ ਆਫ ਪੋਲੂਸ਼ਨ) ਐਕਟ 1981 ਅਧੀਨ 7 ਫਰਵਰੀ 2018 ਨੂੰ ਹਦਾਇਤਾਂ ਜਾਰੀ ਕਰਦੇ ਹੋਏ ਪੰਜਾਬ ਵਿਚ ਬਿਨ੍ਹਾਂ ਸੁਪਰ ਐਸ.ਐਮ.ਐਸ ਲੱਗੀਆਂ ਕੰਬਾਈਨਾਂ ਚਲਾਉਣ ਅਤੇ ਵਰਤੋਂ ਕਰਨ `ਤੇ ਪੂਰਨ ਤੌਰ `ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਫੈਸਲੇ ਨੂੰ ਅਮਲ ਵਿਚ ਲਿਆਂਉਂਦਿਆਂ ਕੋਈ ਵੀ ਕੰਬਾਇਨ ਮਾਲਕ ਇਸ ਯੰਤਰ ਤੋਂ ਬਿਨਾਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਨਹੀਂ ਕਰ ਸਕੇਗਾ।ਉਨ੍ਹਾਂ ਕਿਹਾ ਕਿ ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ ਕੰਬਾਈਨ ਹਾਰਵੈਸਟਰਾਂ ਨੂੰ ਜਬਤ ਕੀਤਾ ਜਾ ਸਕਦਾ ਹੈ। ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾ ਵੱਲੋਂ ਝੋਨੇ ਦੀ ਪਰਾਲੀ ਨੂੰ ਸੋਖਿਆਂ ਸਮੇਟਣ ਲਈ ਜ਼ਰੂਰੀ ਹੈ ਕਿ ਝੋਨੇ ਦੀ ਕਟਾਈ ਸਪੁਰ ਐਸ.ਐਮ.ਐਸ ਲਗੀਆਂ ਕੰਬਾਈਨਾਂ ਤੋਂ ਹੀ ਕਰਵਾਈ ਜਾਵੇ ਤਾਂ ਜ਼ੋ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾਂਭਣ ਵਿਚ ਜਾਂ ਖੜ੍ਹੀ ਪਰਾਲੀ ਵਿਚ ਕਣਕ ਦੀ ਸਿਧੀ ਬਿਜਾਈ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।ਉਨ੍ਹਾਂ ਜ਼ਿਲੇ੍ਹ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਵੱਖ-ਵੱਖ ਢੰਗਾਂ ਨਾਲ ਵਰਤੋਂ ਕਰਨ ਨੂੰ ਤਵਜੋਂ ਦੇਣ ਕਿਉਂ ਜ਼ੋ ਮੁਲਕ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਜੂਝ ਰਿਹਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ `ਚ ਫੈਲਦਾ ਧੂੰਆਂ ਹੋਰ ਬਿਮਾਰੀਆਂ ਤੇ ਦੁਰਘਟਨਾਵਾਂ ਨੂੰ ਸੱਦਾ ਦਿੰਦਾ ਹੈ, ਸੋ ਪ੍ਰਦੂਸ਼ਣ ਅਤੇ ਬਿਮਾਰੀਆਂ ਮੁਕਤ ਵਾਤਾਵਰਣ ਸਿਰਜਣ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ।
Total Responses : 189