ਹਰੀਸ਼ ਕਾਲੜਾ
- ਕੰਬਾਇਨ ਮਾਲਕਾਂ ਨੂੰ ਹਦਾਇਤ ਕੀਤੀ ਕਿ ਬਿਨ੍ਹਾਂ ਐਸ.ਐਮ.ਐਸ. ਤੋਂ ਕੋਈ ਵੀ ਕੰਬਾਇਨ ਨਾ ਚਲਾਈ ਜਾਵੇ
ਰੂਪਨਗਰ, 26 ਸਤੰਬਰ 2020 - ਸ੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਹੇਠ ਕੰਬਾਇਨ ਮਾਲਕਾਂ ਦੇ ਨੁਮਾਇੰਦਿਆਂ ਨਾਲ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਕੰਬਾਇਨ ਮਾਲਕਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਕੰਬਾਇਨ ਬਿਨ੍ਹਾਂ ਐਸ.ਐਮ.ਐਸ. ਤੋਂ ਨਾ ਚਲਾਈ ਜਾਵੇ।
ਇਸ ਮੀਟਿੰਗ ਵਿੱਚ ਨੁਮਾਇੰਦਿਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮੁੱਖ ਖੇਤੀਬਾੜੀ ਅਫਸਰ, ਰੂਪਨਗਰ, ਕਾਰਜਕਾਰੀ ਇੰਜਨੀਅਰ, ਪ੍ਰਦੂਸ਼ਨ ਰੋਕਥਾਮ ਬੋਰਡ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਉਪ ਮੰਡਲ ਅਫਸਰ, ਪ੍ਰਦੂਸ਼ਨ ਰੋਕਥਾਮ ਬੋਰਡ, ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ, ਰੂਪਨਗਰ ਨੇ ਕੰਬਾਇਨ ਮਾਲਕਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਕੰਬਾਇਨ ਬਿਨ੍ਹਾਂ ਐਸ.ਐਮ.ਐਸ. ਤੋਂ ਨਾ ਚਲਾਈ ਜਾਵੇ। ਉਨ੍ਹਾਂ ਨੇ ਮੁੱਖ ਖੇਤੀਬਾੜੀ ਅਫਸਰ ਨੂੰ ਆਦੇਸ਼ ਦਿੱਤੇ ਕਿ ਜਿਨ੍ਹਾਂ ਕੰਬਾਇਨਾਂ ਤੇ ਐਸ.ਐਮ.ਐਸ. ਲੱਗੇ ਹੋਏ ਹਨ, ਉਨ੍ਹਾਂ ਦੀ ਲਿਸਟ ਤੁਰੰਤ ਭੇਜੀ ਜਾਵੇ। ਕੰਬਾਇਨ ਮਾਲਕਾਂ ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਜਿਹੜੇ ਕਿਸਾਨ ਬਿਨ੍ਹਾਂ ਐਸ.ਐਮ.ਐਸ. ਵਾਲੀ ਕੰਬਾਇਨ ਤੋਂ ਕਟਾਈ ਕਰਵਾਉਣਾ ਚਾਹੁੰਦੇ ਹਨ ਇਸ ਸਬੰਧੀ ਹਦਾਇਤ ਜਾਰੀ ਕੀਤੀ ਜਾਵੇ ਇਸ ਤੇ ਡਿਪਟੀ ਕਮਿਸ਼ਨਰ, ਰੂਪਨਗਰ ਨੇ ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਨੂੰ ਆਦੇਸ਼ ਦਿੱਤੇ ਕਿ ਅਜਿਹੇ ਕਿਸਾਨਾਂ ਤੋਂ ਸਵੈ-ਘੋਸ਼ਣਾ ਪੱਤਰ ਲੈ ਲਿਆ ਜਾਵੇ ਕਿ ਉਹ ਝੋਨੇ ਦੀ ਪਰਾਲੀ ਨੂੰ ਸੰਭਾਲਣਗੇ ਅਤੇ ਅੱਗ ਨਹੀਂ ਲਗਾਉਣਗੇ।
ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਨੇ ਇਸ ਸਬੰਧੀ ਸਵੈ-ਘੋਸ਼ਣਾ ਪੱਤਰ ਦਾ ਨਮੂਨਾ ਤਿਆਰ ਕਰਕੇ ਸਾਰੇ ਕੰਬਾਇਨ ਮਾਲਕਾਂ ਅਤੇ ਜ਼ਿਲ੍ਹਾ ਰੂਪਨਗਰ ਦੇ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨੂੰ ਭੇਜ ਦਿੱਤੇ ਹਨ। ਕੰਬਾਇਨ ਮਾਲਕਾਂ ਨੇ ਇਨ੍ਹਾਂ ਆਦੇਸ਼ਾਂ ਤੇ ਸਹਿਮਤੀ ਪ੍ਰਗਟ ਕੀਤੀ। ਕਾਰਜਕਾਰੀ ਇੰਜੀਨੀਅਰ, ਪ੍ਰਦੂਸ਼ਨ ਰੋਕਥਾਮ ਬੋਰਡ ਨੇ ਕੰਬਾਇਨ ਮਾਲਕਾਂ ਨੂੰ ਸੰਬੋਧਨ ਕਰਦੇ ਹੋਏ ਪਰਾਲੀ ਨੂੰ ਅੱਗ ਲਗਾਉਣ ਤੇ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਪੁਲਿਸ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਧੂੰਏਂ ਨਾਲ ਕੋਵਿਡ-19 (ਕਰੋਨਾ) ਦਾ ਜ਼ਿਆਦਾ ਫੈਲਾਅ ਹੁੰਦਾ ਹੈ ਅਤੇ ਐਕਸੀਡੈਂਟ ਹੋਣ ਦੀ ਸੰਭਾਵਨਾ ਵੀ ਵਧੇਰੇ ਹੁੰਦੀ ਹੈ।