ਚੰਡੀਗੜ੍ਹ, 26 ਸਤੰਬਰ 2020 - ਭਾਰਤੀ ਖੁਰਾਕ ਨਿਗਮ ਦੇ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਥਿੰਦ ਨੇ ਅੱਜ ਇਥੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਕੇਂਦਰੀ ਪੂਲ ਦੇ ਕਸਟਮ ਮਿਲਿੰਗ ਰਾਈਸ ਨੂੰ ਰੱਖਣ ਲਈ ਭਾਰਤੀ ਖੁਰਾਕ ਨਿਗਮ ਕੋਲ ਢੁੱਕਵੀਂ ਭੰਡਾਰਨ ਥਾਂ ਉਪਲੱਬਧ ਹੈ।
ਅੱਜ ਇਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਮੰਡੀਆਂ ਵਿੱਚ ਝੋਨੇ ਦੀ ਅਗੇਤੀ ਆਮਦ ਦੇ ਮੱਦੇਨਜ਼ਰ 27.09.2020 ਤੋਂ ਝੋਨੇ ਦੀ ਖਰੀਦ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਝੋਨੇ ਦੀ ਨਿਰਵਿਘਨ ਖਰੀਦ ਲਈ ਸਟਾਫ਼ ਦੀ ਤਾਇਨਾਤੀ, ਭੰਡਾਰਨ ਦੀ ਥਾਂ, ਵਿੱਤ ਵਰਗੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਲ ਡੇਟਾਬੇਸ ਵਿੱਚ ਖਰੀਦ ਨਾਲ ਜੁੜੇ ਅੰਕੜੇ ਸੁਰੱਖਿਅਤ ਰੱਖਣ ਅਤੇ ਇਸਨੂੰ ਕੌਮੀ ਖ਼ਰੀਦ ਪੋਰਟਲ (ਐਨਪੀਪੀ) ਸਰਵਰ `ਤੇ ਪ੍ਰਕਾਸ਼ਤ ਕਰਨ ਲਈ ਇੱਕ ਵੈਬ ਸੇਵਾ ਤਿਆਰ ਕੀਤੀ ਹੈ।ਕੌਮੀ ਖ਼ਰੀਦ ਪੋਰਟਲ (ਐਨ.ਪੀ.ਪੀ.) `ਤੇ ਇੱਕ ਵਿਸ਼ੇਸ਼ ਤਾਰੀਖ ਨੂੰ ਕੀਤੀ ਗਈ ਖਰੀਦ, ਉਕਤ ਖਰੀਦ ਤੋਂ ਲਾਭ ਪ੍ਰਾਪਤ ਕਰਨ ਵਾਲੇ ਕਿਸਾਨਾਂ, ਵਿਸ਼ੇਸ਼ ਦਿਨ ਵੰਡੀ ਗਈ ਐਮ.ਐਸ.ਪੀ. ਦੀ ਰਾਸ਼ੀ ਅਤੇ ਕਿਸਾਨਾਂ ਦੀ ਗਿਣਤੀ ਜਿਨ੍ਹਾਂ ਨੂੰ ਇਹ ਰਾਸ਼ੀ ਟਰਾਂਸਫਰ ਕੀਤੀ ਗਈ ਹੈ, ਦੇ ਵੇਰਵੇ ਉਪਲੱਬਧ ਹੋਣਗੇ। ਕਿਸਾਨਾਂ ਨੂੰ ਐਮ.ਐਸ.ਪੀ. ਦੀ ਅਦਾਇਗੀ ਯਕੀਨੀ ਬਣਾਈ ਜਾਵੇਗੀ।