ਹਰਜਿੰਦਰ ਸਿੰਘ ਭੱਟੀ
- ਸਨਿਚਰਵਾਰ ਨੂੰ ਲਾਲੜੂ, ਘੜੂੰਆਂ ਤੇ ਬੂਥਗੜ੍ਹ ਵਿਚ ਲੱਗੇ 'ਕੋਵਿਡ ਜਾਂਚ ਕੈਂਪ'
ਐਸ.ਏ.ਐਸ.ਨਗਰ, 26 ਸਤੰਬਰ 2020 - 'ਕੋਰੋਨਾ ਵਾਇਰਸ' ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਵੱਧ ਤੋਂ ਵੱਧ ਜਾਂਚ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸਿਹਤ ਅਧਿਕਾਰੀਆਂ ਦੀ ਟੀਮ ਨਾਲ ਅੱਜ ਜ਼ੀਰਕਪੁਰ, ਡੇਰਾਬੱਸੀ, ਲਾਲੜੂ ਅਤੇ ਬਨੂੜ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਸਬੰਧਤ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਸ ਮਾਰੂ ਬੀਮਾਰੀ ਦੀ ਰੋਕਥਾਮ ਲਈ ਪਾਜ਼ੇਟਿਵ ਮਰੀਜ਼ਾਂ ਦੀ ਪਛਾਣ ਅਤਿਅੰਤ ਜ਼ਰੂਰੀ ਹੈ ਜਿਸ ਲਈ ਸਮੇਂ ਸਿਰ ਜਾਂਚ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦਸਿਆ ਕਿ ਇਸ ਮਕਸਦ ਲਈ ਵੱਖ ਵੱਖ ਥਾਈਂ ਸੈਂਪਲਿੰਗ ਕੈਂਪ ਲਾਏ ਜਾ ਰਹੇ ਹਨ ਜਿਸ ਤਹਿਤ ਸਨਿਚਰਵਾਰ ਨੂੰ ਬੂਥਗੜ੍ਹ, ਘੜੂੰਆਂ ਅਤੇ ਲਾਲੜੂ ਵਿਚ ਜਾਂਚ ਕੈਂਪ ਲਾਏ ਗਏ।
ਡਾ. ਮਨਜੀਤ ਸਿੰਘ ਨੇ ਆਮ ਲੋਕਾਂ ਨੂੰ ਸਮੇਂ ਸਿਰ ਕੋਵਿਡ ਜਾਂਚ ਕਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਬੀਮਾਰੀ ਦਾ ਸ਼ੁਰੂਆਤ ਵਿਚ ਹੀ ਪਤਾ ਲਾਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, 'ਜਿੰਨੀ ਜ਼ਿਆਦਾ ਜਾਂਚ ਅਤੇ ਸੈਂਪਲਿੰਗ ਹੋਵੇਗੀ, ਓਨਾ ਜ਼ਿਆਦਾ ਅਸੀਂ ਇਸ ਬੀਮਾਰੀ ਦਾ ਫੈਲਾਅ ਰੋਕਣ ਵਿਚ ਕਾਮਯਾਬ ਹੋਵਾਂਗੇ। ਕਈ ਵਾਰ ਮਰੀਜ਼ ਹਾਲਤ ਜ਼ਿਆਦਾ ਵਿਗੜਨ ਮਗਰੋਂ ਹੀ ਹਸਪਤਾਲਾਂ ਵਿਚ ਪੁੱਜਦੇ ਹਨ। ਇਸ ਲਈ ਹਲਕੇ ਲੱਛਣ ਦਿਸਣ ਜਾਂ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ 'ਤੇ ਕੋਵਿਡ ਦੀ ਜਾਂਚ ਕਰਾਉਣੀ ਚਾਹੀਦੀ ਹੈ ਜੋ ਵਿਅਕਤੀ ਦੇ ਅਪਣੇ ਅਤੇ ਸਮੁੱਚੇ ਤੌਰ 'ਤੇ ਸਮਾਜ ਦੇ ਭਲੇ ਵਾਲੀ ਗੱਲ ਹੈ।' ਸਿਵਲ ਸਰਜਨ ਨੇ ਮਾਈਕਰੋ ਕੰਟੇਨਮੈਂਟ ਜ਼ੋਨ, ਕਲੱਸਟਰਜ਼, ਪਾਜ਼ੀਟਿਵ ਮਰੀਜ਼ਾਂ ਦੇ ਘਰੇਲੂ ਇਕਾਂਤਵਾਸ ਅਤੇ ਹਸਪਤਾਲਾਂ ਵਿਚ ਦਾਖ਼ਲੇ, ਮਰੀਜ਼ਾਂ ਦੇ ਸੰਪਰਕਾਂ ਦੀ ਪਛਾਣ ਅਤੇ ਜਾਂਚ, ਕੇਸਾਂ ਦੀ ਰੀਪੋਰਟਿੰਗ ਆਦਿ ਬਾਰੇ ਵੀ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪੋ ਅਪਣੇ ਏਰੀਏ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਗਤੀਵਿਧੀਆਂ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਹਰ ਜਨਤਕ ਥਾਂ 'ਤੇ ਲੋਕਾਂ ਦੁਆਰਾ ਮਾਸਕ ਪਾਇਆ ਜਾਣਾ ਲਾਜ਼ਮੀ ਹੈ ਅਤੇ ਉਲੰਘਣਾ ਕਰਨ ਵਾਲੇ ਵਿਰੁਧ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ।
ਡਾ. ਮਨਜੀਤ ਸਿੰਘ ਨੇ ਦੁਹਰਾਇਆ ਕਿ ਮਰੀਜ਼ਾਂ ਹੌਸਲਾ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਲਈ ਉਨ੍ਹਾਂ ਦੀ ਵੱਖ ਵੱਖ ਤਰੀਕਿਆਂ ਨਾਲ ਕੌਂਸਲਿੰਗ ਕੀਤੀ ਜਾਵੇ। ਸਿਵਲ ਸਰਜਨ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਇਸ ਬੀਮਾਰੀ 'ਤੇ ਕਾਬੂ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਪ੍ਰਬੰਧਾਂ ਤੇ ਸਹੂਲਤਾਂ ਦੀ ਕੋਈ ਘਾਟ ਨਹੀਂ ਪਰ ਰੋਗੀਆਂ, ਉਨ੍ਹਾਂ ਦੇ ਪਰਵਾਰਕ ਜੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਬੀਮਾਰੀ 'ਤੇ ਸੌਖਿਆਂ ਕਾਬੂ ਪਾਇਆ ਜਾ ਸਕਦਾ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਮੁੜ ਬੇਨਤੀ ਕੀਤੀ ਕਿ ਬਹੁਤ ਜ਼ਰੂਰੀ ਕੰਮ ਪੈਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ।
ਇਸੇ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਐਸ.ਐਮ.ਓ. ਡਾ. ਸੰਗੀਤਾ ਜੈਨ, ਡਾ. ਪੌਮੀ ਚਤਰਥ, ਡਾ. ਹਰਪ੍ਰੀਤ ਕੌਰ ਉਬਰਾਏ, ਡਾ. ਸੁਖਵਿੰਦਰ ਸਿੰਘ, ਡਾ. ਐਚ.ਐਸ. ਚੀਮਾ, ਡਾ. ਵਿਕਰਾਂਤ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਆਦਿ ਮੌਜੂਦ ਸਨ।