ਵੱਡੀ ਮਾਤਰਾ ’ਚ ਨਜਾਇਜ਼ ਸ਼ਰਾਬ ਸਮੇਤ ਦੋ ਸਮੱਗਲਰ ਕਾਬੂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ 2020-ਜ਼ਿਲ੍ਹਾ ਪੁਲਸ ਟੀਮਾਂ ਨੇ ਦੋ ਵੱਖ-ਵੱਖ ਮਾਮਲਿਆਂ ’ਚ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਮਾਮਲਾ ਥਾਣਾ ਸਦਰ ਤੇ ਸਿਟੀ ਵਿਖੇ ਦਰਜ ਹੋਏ ਹਨ। ਪਹਿਲੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਵੱਲੋਂ ਪਿੰਡ ਅਟਾਰੀ ਕੋਲ ਨਾਕਾਬੰਦੀ ਕੀਤੀ ਹੋਈ ਸੀ, ਇਸੇ ਦੌਰਾਨ ਇੱਕ ਵਿਅਕਤੀ ਆਇਆ, ਜਿਸਦੇ ਹੱਥ ਵਿੱਚ ਗੱਟਾ ਸੀ, ਜੋ ਪੁਲਸ ਨੂੰ ਦੇਖ ਕੇ ਪਿੱਛੇ ਮੁੜਣ ਲੱਗਿਆ, ਜਿਸਨੂੰ ਕਾਬੂ ਕਰਕੇ ਜਦੋਂ ਉਸਦੇ ਗੱਟੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਮਿਲੀ ਕੈਨੀ ਵਿੱਚ ਨਜਾਇਜ਼ ਸ਼ਰਾਬ ਦੀਆਂ 9 ਬੋਤਲਾਂ ਮਿਲੀਆਂ, ਜਿਸ ਤੋਂ ਬਾਅਦ ਪੁਲਸ ਨੇ ਉਸਨੂੰ ਕਾਬੁੂ ਕਰ ਲਿਆ, ਜਿਸਦੀ ਪਛਾਣ ਸੁਖਦੇਵ ਸਿੰਘ ਪੁੱਤਰ ਆਸਾ ਸਿੰਘ ਵਾਸੀ ਸੋਹਣਗੜ੍ਹ ਰੱਤੇਵਾਲਾ ਵਜੋਂ ਹੋਈ ਹੈ। ਦੂਜੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏਐਸਆਈ ਸਮਸ਼ੇਰ ਸਿੰਘ ਨੇ ਦੱਸਿਆ ਕਿ ਅਬੋਹਰ ਰੋਡ ਬਾਈਪਾਸ ’ਤੇ ਸਥਿਤ ਯਾਦਗਾਰੀ ਗੇਟ ਕੋਲ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਵਿਅਕਤੀ ’ਤੇ ਸ਼ੱਕ ਹੋਇਆ, ਜਿਸ ਕੋਲ ਭਾਰੀ ਸਮਾਨ ਸੀ, ਜਦੋਂ ਉਸਦੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਨਜਾਇਜ਼ ਸ਼ਰਾਬ ਦੀਆਂ 25 ਬੋਤਲਾਂ ਮਿਲੀਆਂ। ਕਥਿਤ ਦੋਸ਼ੀ ਦੀ ਪਛਾਣ ਤਰਸੇਮ ਕੁਮਾਰ ਉਰਫ਼ ਸ਼ੰਮੀ ਪੁੱਤਰ ਜੱਸਰਾਜ ਵਾਸੀ ਕੋਟਲੀ ਰੋਡ ਵਜੋਂ ਹੋਈ ਹੈ। ਉਕਤ ਦੋਵੇਂ ਮਾਮਲਿਆਂ ਵਿੱਚ ਕਥਿਤ ਦੋਸ਼ੀਆਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।