ਵੀਕੇਂਡ ਲਾਕਡਾਊਨ ਤਹਿਤ ਸ੍ਰੀ ਮੁਕਤਸਰ ਸਾਹਿਬ ਰਿਹਾ ਮੁਕੰਮਲ ਬੰਦ, ਪੁਲਸ ਦੀ ਚੱਲਦੀ ਰਹੀ ਗਸ਼ਤ, ਬਜ਼ਾਰ ਤੇ ਸੜਕਾਂ ਰਹੀਆਂ ਸੁੰਨੀਆਂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ 2020 : ਕੋਵਿਡ-19 ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਵੀਕੇਂਡ ਲਾਕਡਾਊਨ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਮੁਕੰਮਲ ਬੰਦ ਰਿਹਾ। ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਪੁਲਸ ਬਲ ਵੱਲੋਂ ਲਗਾਤਾਰ ਸ਼ਹਿਰ ਅੰਦਰ ਗਸ਼ਤ ਜਾਰੀ ਰਹੀ, ਜਿਸਦੇ ਚੱਲਦਿਆਂ ਸ਼ਹਿਰ ਅੰਦਰ ਸੰਨਾਟਾ ਛਾਇਆ ਰਿਹਾ। ਸਿਰਫ਼ ਜ਼ਰੂਰੀ ਕੰਮਕਾਜ ਤੇ ਐਮਰਜੈਂਸੀ ਹਾਲਤਾਂ ਵਿੱਚ ਲੋਕ ਸੜਕਾਂ ’ਤੇ ਨਿਕਲੇ, ਜਦੋਂਕਿ ਸ਼ਹਿਰ ਦੇ ਹਰ ਮੁਹੱਲੇ, ਗਲੀ ਵਿੱਚ ਪੁਲਸ ਟੀਮਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰੀ ਰਸਤਿਆਂ ’ਤੇ ਪੁਲਸ ਟੀਮਾਂ ਵੱਲੋਂ ਨਾਕਾਬੰਦੀ ਕਰਕੇ ਸਖ਼ਤੀ ਨਾਲ ਚੈਕਿੰਗ ਕੀਤੀ ਗਈ। ਅੱਜ ਲਾਕਡਾਊਨ ਦੇ ਚੱਲਦਿਆਂ ਸ਼ਹਿਰ ਦੇ ਬਜ਼ਾਰ ਬੰਦ ਰਹੇ। ਸਵੇਰ ਵੇਲੇ ਤੋਂ ਸ਼ਹਿਰ ਅੰਦਰ ਚੁੱਪ ਚਾਪ ਰਹੀ, ਜਦੋਂਕਿ ਦੁਪਹਿਰ ਤੱਕ ਬਿਲਕੁਲ ਸੰਨਾਟਾ ਕਾਇਮ ਰਿਹਾ। ਉਥੇ ਹੀ ਗਸ਼ਤ ’ਤੇ ਤਾਇਨਾਤ ਪੁਲਸ ਟੀਮਾਂ ਵੱਲੋਂ ਮਾਸਕਾਂ ਪ੍ਰਤੀ ਵੀ ਵਿਸੇਸ਼ ਨਿਗਰਾਨੀ ਰੱਖੀ ਗਈ। ਦੂਜੇ ਪਾਸੇ ਲੋਕ ਵੀ ਵੀਕੇਂਡ ਲਾਕਡਾਊਨ ਦੀ ਪਾਲਣਾ ਕਰਦੇ ਵਿਖਾਈ ਦਿੱਤੇ ਹਨ। ਲੋਕ ਜ਼ਿਆਦਾਤਰ ਘਰਾਂ ਅੰਦਰ ਹੀ ਰਹੇ, ਜੋ ਕੋਈ ਵੀ ਐਮਰਜੈਂਸੀ ਹਾਲਤਾਂ ਵਿੱਚ ਬਾਹਰ ਨਿਕਲਿਆ, ਉਸਦੇ ਮਾਸਕ ਪਹਿਣਿਆ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਸੰਨਾਟਾ ਕਾਇਮ ਸੀ।