ਅਸ਼ੋਕ ਵਰਮਾ
ਬਠਿੰਡਾ, 27 ਸਤੰਬਰ 2020 - ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਨੂੰ ਅਣਗੌਲਿਆਂ ਕਰਨ ਖਿਲਾਫ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੁਤਲੇ ਫੂਕ ਰੋਸ ਮਜਾਹਰਿਆਂ ਦਾ ਐਲਾਨ ਕੀਤਾ ਹੈ। ਜਿਸ ਦੀ ਕੜੀ ਵਜੋਂ ਗਾਂਧੀ ਜੈਅੰਤੀ 2 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿਦ ਕੌਰ ਸਰਾਂ ਦੇ ਸੱਦੇ ਤੇ ਅੱਜ ਵਰਕਰਾਂ ਤੇ ਹੈਲਪਰਾਂ ਅਵਾਜ਼ ਉਠਾਈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੇ ਬਾਲਾਂ ਦੀ ਭਲਾਈ ਵਿਚ ਲੱਗੀਆਂ 54 ਹਜਾਰ ਦੇ ਕਰੀਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਸਾਰ ਲੈਣ। ਉਨ੍ਹਾਂ ਆਖਿਆ ਕਿ ਸਰਕਾਰ ਪ੍ਰੀ-ਪ੍ਰਾਇਮਰੀ ਟੀਚਰਾਂ ਦੀ ਭਰਤੀ ਕਰਨ ਲੱਗੀ ਹੈ ਜਿਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵਿਚਾਰਨਾ ਚਾਹੀਦਾ ਸੀ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਬਾਲ ਭਲਾਈ ਖੇਤਰ ’ਚ ਕੰਮ ਕਰਕੇ ਚੰਗਾ ਤਜਰਬਾ ਹਾਸਲ ਕਰ ਚੁੱਕੀਆਂ ਹਨ।
ਯੂਨੀਅਨ ਦੀ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਕੌਰ , ਬਲਾਕ ਬਠਿੰਡਾ ਸ਼ਹਿਰੀ ਦੀ ਪ੍ਰਧਾਨ ਜਸਬੀਰ ਕੌਰ ਅਤੇ ਦਿਹਾਤੀ ਬਲਾਕ ਦੀ ਪ੍ਰਧਾਨ ਅੰਮਿ੍ਰਤਪਾਲ ਕੌਰ ਨੇ ਕਿਹਾ ਕਿ ਪਿਛੇ 45 ਸਾਲਾਂ ਤੋਂ ਸਰਕਾਰ ਸੂਬੇ ਦੀਆਂ ਆਂਗਣਵਾੜੀ ਮੁਲਾਜ਼ਮਾਂ ਦੋ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਜਦੋਂ ਨਵੀਂ ਭਰਤੀਆਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ ਜਿਸ ਕਰਕੇ ਉਨ੍ਹਾਂ ਨੇ 2 ਅਕਤੂਬਰ ਨੂੰ ਰੋਸ ਮੁਜਾਹਰੇ ਕਰਨ ਦਾ ਫੈਸਲਾ ਲਿਆ ਹੈ। ਆਂਗਣਵਾੜੀ ਆਗੂਆਂ ਨੇ ਪੰਜਾਬ ਦੀ ਹਕੂਮਤ ਨੂੰ ਨਸੀਹਤ ਦਿੱਤੀ ਕਿ ਉਹ ਆਂਗਣਵਾੜੀ ਮੁਲਾਜਮਾਂ ਦੇ ਮਸਲਿਆਂ ਤੇ ਗੌਰ ਕਰੇ ਨਹੀਂ ਤਾਂ ਉਨ੍ਹਾਂ ਪੰਜਾਬ ਦੀ ਮਹਿਲਾ ਸ਼ਕਤੀ ਦੇ ਇਸ ਤੋਂ ਵੀ ਵੱਡੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਜਰਨਲ ਸਕੱਤਰ ਗੁਰਮੀਤ ਕੌਰ ਗੋਨਿਆਣਾ ਨੇ ਦੋਸ਼ ਲਾਏ ਕਿ ਸਰਕਾਰ ਆਂਗਣਵਾੜੀ ਮੁਲਾਜ਼ਮਾਂ ਦੇ ਮੂੰਹੋਂ ਰੋਟੀ ਖੋਹਣ ਦੇ ਯਤਨਾਂ ’ਚ ਹੈ ਜਿਸ ਦੇ ਵਿਰੋਧ ’ਚ ਉਨ੍ਹਾਂ ਵੱਲੋਂ ਆਰ ਪਾਰ ਦੀ ਲੜਾਈ ਲੜੀ ਜਾਏਗੀ ਤੇ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਿਆ ਜਾਏਗਾ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਨਹੀਂ ਐਲਾਨਿਆ ਗਿਆ ਜੋ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਜਾਹਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰੀ ਨਰਸਰੀ ਟੀਚਰ ਦੀਆਂ ਪੋਸਟਾਂ ਭਰ ਰਹੀ ਹੈ ਜਦੋਂਕਿ ਜੱਥੇਬੰਦੀ ਦੀ ਮੰਗ ਹੈ ਕਿ ਇਹਨਾ ਪੋਸਟਾਂ ਤੇ ਪਹਿਲ ਦੇ ਅਧਾਰ ਤੇ ਆਂਗਣਵਾੜੀ ਮੁਲਾਜ਼ਮਾਂ ਨੂੰ ਵਿਚਾਰ ਕੇ ਉਨ੍ਹਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ।
ਆਗੂਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ 3 ਸਾਲ ਤੋਂ ਲੇ ਕੇ 6ਸਾਲ ਦੇ ਬੱਚਿਆਂ ਨੂੰ ਪ੍ਰੀ ਸਕੂਲ ਐਜੂਕੇਸ਼ਨ ਦੇ ਰਹੀਆਂ ਹਨ ਜਿਸ ਨੂੰ ਵਿਚਾਰਿਆ ਜਾਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਚਾਲ ਚੱਲਕੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹੇ ਤੇ ਹੁਣ ਨਰਸਰੀ ਟੀਚਰ ਦਾ ਦਰਜਾ ਵਰਕਰਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਨੂੰ ਲੈਕੇ ਵਰਕਰਾਂ ਤੇ ਹੈਲਪਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਜਥੇਬੰਦੀ ਆਪਣਾ ਸੰਘਰਸ਼ ਕਰੇਗੀ ਤੇ ਸੂਬੇ ਭਰ ਦੀਆਂ ਵਰਕਰਾਂ ਤੇ ਹੈਲਪਰਾਂ ਇਸ ਲੜਾਈ ਵਿੱਚ ਸਾਥ ਦੇਣਗੀਆਂ । ਉਨ੍ਹਾਂ ਚਿਤਾਵਨੀ ਦਿੱਤੀ ਕਿ ਵਿਧਾਨ ਸਭਾ ਚੋਣਾਂ ਵੇਲੇ ਕੀਤਿਆਂ ਵਾਅਦਿਆਂ ਨੂੰ ਸਰਕਾਰ ਪੂਰੇ ਕਰੇ ਨਹੀਂ ਤਾਂ ਸੱਤਾ ਤੇ ਕਾਬਜ ਹੋਕੇ ਕੀਤੀਆਂ ਜਾ ਰਹੀਆਂ ਵਾਅਦਾ ਖਿਲਾਫੀਆਂ ਦਾ ਮੁੱਲ ਕਾਂਗਰਸ ਤੇ ਕੈਪਟਨ ਸਰਕਾਰ ਨੂੰ ਤਾਰਨਾ ਪਵੇਗਾ।