ਅਸ਼ੋਕ ਵਰਮਾ
ਬਠਿੰਡਾ, 27 ਸਤੰਬਰ 2020 - ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੀ ਠਾਹਟ ਨੂੰ ਦੇਖਦਿਆਂ ਸ਼ਹਿਰੀ ਹਲਕੇ ’ਚ ਸਿਆਸੀ ਵਫਾਦਾਰੀਆਂ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 19 ਤੋਂ ਸਾਬਕਾ ਕੌਂਸਲਰ ਅਤੇ ਸ਼ਹਿਰੀ ਸਰਕਲ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ (ਰਾਜੂ ਮਾਨ) ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ’ਚ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ।ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਹਾਜ਼ ਨੂੰ ਉਸਦੇ ਆਪਣੇ ਮਲਾਹਾਂ ਨੇ ਹੀ ਡੁੱਬਣ ਲਈ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਬਿੱਲਾਂ ਦੇ ਮੁੱਦੇ ਤੇ ਅਕਾਲੀ ਦਲ ਦੇ ਪੰਜਾਬ ਅਤੇ ਕਿਸਾਨ ਵਿਰੋਧੀ ਸਟੈਂਡ ਕਾਰਨ ਅੱਜ ਅਕਾਲੀ ਦਲ ਦਾ ਹਰ ਇਕ ਵਰਕਰ ਪਾਰਟੀਆਂ ਦੀਆਂ ਨੀਤੀਆਂ ਕਾਰਨ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੇ ਕੇਂਦਰ ਵਿਚ ਸੱਤਾ ਸੁੱਖ ਮਾਣਨ ਲਈ ਪੰਜਾਬ ਨਾਲ ਹਰ ਵਿਸ਼ਵਾਸ਼ਘਾਤ ਕੀਤਾ, ਫਿਰ ਵੀ ਜਦ ਭਾਜਪਾ ਨੇ ਉਨ੍ਹਾਂ ਦਾ ਕੋਈ ਮੁੱਲ ਨਾ ਪਾਇਆ ਤਾਂ ਪਹਿਲਾਂ ਅਸਤੀਫੇ ਦਾ ਡਰਾਮਾ ਅਤੇ ਹੁਣ ਐਨਡੀਏ ਤੋਂ ਅੱਡ ਹੋਣ ਦੀ ਸਿਆਸੀ ਡਰਾਮੇਬਾਜੀ ਕੀਤੀ ਹੈ। ਇਸ ਮੌਕੇ ਰਾਜਿੰਦਰ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਆਗੂਆਂ ਦੇ ਖੇਤੀ ਕਾਨੂੰਨਾਂ ਤੇ ਦੋਗਲੇ ਸਟੈਂਡ ਤੋਂ ਦੁੱਖੀ ਹੋ ਕੇ ਉਹ ਅਕਾਲੀ ਦਲ ਨੂੰ ਛੱਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦ ਕੋਈ ਪਾਰਟੀ ਆਪਣੀਆਂ ਜੜਾਂ ਤੋਂ ਹੀ ਟੁੱਟ ਜਾਵੇ ਤਾਂ ਅਜਿਹੀ ਪਾਰਟੀ ਦਾ ਪਤਨ ਅਟਲ ਹੈ। ਅੱਜ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਕੇ ਅਤੇ ਵਿਕਾਸ ਕਾਰਜਾਂ ਸਬੰਧੀ ਵੀ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਮੋਹਣ ਲਾਲ ਝੁੰਬਾ, ਕੇ.ਕੇ ਅਗਰਵਾਲ ਮਾਸਟਰ ਹਰਮੰਦਰ ਸਿੰਘ , ਪਵਨ ਮਾਨੀ, ਅਤੇ ਰਾਜਨ ਗਰਗ ਵੀ ਹਾਜਰ ਸਨ।