ਚੰਡੀਗੜ, 27 ਸਤੰਬਰ,2020- ਬੀਜੇਪੀ ਖੁਦ ਅਕਾਲੀ ਦਲ ਤੋਂ ਛੁਟਕਾਰਾ ਚਾਹੁੰਦੀ ਸੀ ਇਹ ਕਹਿਣਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ। ਜਾਖੜ ਨੇ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲੋਂ ਗਠਜੋੜ ਤੋੜਨ ਦੇ ਕੀਤੇ ਐਲਾਨ ਤੇ ਪ੍ਰਤਿਕਿਰਿਆ ਦਿੱਤੀ ਹੈ। ਜਾਖੜ ਨੇ ਕਿਹਾ ਅਕਾਲੀ ਦਲ ਨੂੰ ਇਹ ਫੈਸਲਾ ਕਿਸਾਨਾਂ ਦੇ ਗੁੱਸੇ ਤੋਂ ਡਰ ਕੇ ਕਰਨਾ ਪਿਆ ਪਰ ਨਾਲ ਹੀ ਅਕਾਲੀ ਆਗੂਆਂ ਨੂੰ ਪ੍ਰਧਾਨ ਮੰਤਰੀ ਦੇ ਕੋਪ ਦਾ ਭੈਅ ਵੀ ਸਤਾ ਰਿਹਾ ਹੈ। ਜਾਖੜ ਨੇ ਕਿਹਾ ਕਿ ਅਕਾਲੀ ਦਲ ਦੀ ਹਾਲਤ ਤਾਂ ਚੱਕੀ ਦੇ ਦੋ ਪੁੜਾਂ ਵਿਚਕਾਰ ਫਸੇ ਹੋਣ ਵਰਗੀ ਹੋ ਗਈ ਹੈ ਪਰ ਉਨਾਂ ਨੇ ਐਨਡੀਏ ਛੱਡ ਕੇ ਇਕ ਸੰਤੁਲਨ ਬਣਾਉਣ ਦੀ ਕੋਸ਼ਿਸ ਕੀਤੀ ਹੈ।
ਜਾਖੜ ਦਾ ਕਹਿਣਾ ਹੈ ਕਿ ਅਕਾਲੀ ਹਾਲੇ ਵੀ ਭਾਜਪਾ ਨਾਲੋਂ ਸਬੰਧ ਨਹੀਂ ਸੀ ਤੋੜਨਾ ਚਾਹੁੰਦੇ ਅਤੇ ਇਸੇ ਤਰ੍ਹਾਂ ਭਾਜਪਾ ਨਾਲ ਚਿਪਕੇ ਰਹਿਣਾ ਚਾਹੁੰਦੇ ਸਨ ਤਾਂ ਹੀ ਤਾਂ ਉਨ੍ਹਾਂ ਨੇ ਭਾਜਪਾ ਵੱਲੋਂ ਉਨ੍ਹਾਂ ਨੂੰ ਵਜਾਰਤ ਵਿਚੋਂ ਬਾਹਰ ਦਾ ਰਾਸਤਾ ਵਿਖਾ ਦਿੱਤੇ ਜਾਣ ਤੋਂ ਬਾਅਦ ਵੀ ਅਕਾਲੀ ਦਲ ਨੇ ਐਨਡੀਏ ਤੋਂ ਅੱਡ ਹੋਣ ਦਾ ਐਲਾਨ ਨਹੀਂ ਸੀ ਕੀਤਾ। ਇੱਥੋਂ ਤੱਕ ਕਿ ਸਾਬਕਾ ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਤਾਂ ਹਾਲੇ ਵੀ ਆਖ ਰਹੇ ਸਨ ਕਿ ਉਹ ਇੰਨਾਂ ਖੇਤੀ ਕਾਨੂੰਨਾਂ ਨੂੰ ਕਿਸਾਨੀ ਵਿਰੋਧੀ ਨਹੀਂ ਮੰਨਦੇ ਬਲਕਿ ਕਿਸਾਨ ਇੰਨਾਂ ਕਨੂੰਨਾਂ ਨੂੰ ਕਿਸਾਨ ਵਿਰੋਧੀ ਆਖ ਰਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਤਾਂ ਹਾਲੇ ਭਾਜਪਾ ਤੋਂ ਮੁੜ ਵਾਪਸੀ ਦੇ ਸੁਨੇਹੇ ਦੀ ਆਸ ਲਗਾਈ ਬੈਠੇ ਸਨ, ਪਰ ਪ੍ਰਧਾਨ ਮੰਤਰੀ ਤਾਂ ਕੀ ਕੋਈ ਹੋਰ ਸੀਨੀਅਰ ਭਾਜਪਾ ਆਗੂ ਵੀ ਇੰਨਾਂ ਨੂੰ ਮਿਲਣ ਲਈ ਤਿਆਰ ਨਹੀਂ ਹੋਇਆ ਅਤੇ ਮਿਲਣ ਲਈ ਸਮਾਂ ਮੰਗਣ ਦੀ ਉਨਾਂ ਦੀ ਅਪੀਲ ਤੇ ਵੀ ਕਿਸੇ ਨੇ ਹੁੰਘਾਰਾ ਨਹੀਂ ਭਰਿਆ। ਜਾਖੜ ਨੇ ਕਿਹਾ ਕਿ ਇਹ ਭਾਜਪਾ ਵੱਲੋਂ ਇਕ ਸਪੱਸ਼ਟ ਸੰਕੇਤ ਸੀ ਕਿ ਉਹ ਹੁਣ ਅਕਾਲੀ ਦਲ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਅਤੇ ਉਹ ਅਕਾਲੀ ਦਲ ਦੀ ਵਜਾਰਤ ਤੋਂ ਅੱਡ ਹੋ ਕੇ ਵੀ ਗਠਜੋੜ ਵਿਚ ਬਣੇ ਰਹਿਣ ਦੇ ਢਕਵੰਜ ਨੂੰ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਉਨਾਂ ਨੇ ਕਿਹਾ ਕਿ ਭਾਜਪਾ ਅਕਾਲੀ ਦਲ ਤੋਂ ਛੁਟਕਾਰਾ ਚਾਹੁੰਦੀ ਸੀ ਪਰ ਉਹ ਗਠਬੰਧਨ ਤੋੜਨ ਦਾ ਪਾਪ ਵੀ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦੀ। ਉਨਾਂ ਨੇ ਕਿਹਾ ਕਿ ਭਾਜਪਾ ਦੇ ਇਸ ਰੁੱਖੇ ਅਤੇ ਅਪਮਾਨਿਤ ਕਰਨ ਵਾਲੇ ਵਿਹਾਰ ਨੇ ਅਕਾਲੀ ਦਲ ਕੋਲ ਕੋਈ ਹੋਰ ਰਾਹ ਹੀ ਨਹੀਂ ਸੀ ਛੱਡਿਆ ਅਤੇ ਅਕਾਲੀ ਦਲ ਕੋਲ ਜੋ ਮਾੜਾ ਮੋਟਾ ਸਵੈਮਾਣ ਬਚਿਆ ਸੀ ਉਸ ਅਨੁਸਾਰ ਉਨਾਂ ਕੋਲ ਤੋੜਵਿਛੋੜਾ ਹੀ ਇਕ ਮਾਤਰ ਵਿਕਲਪ ਰਹਿ ਗਿਆ ਸੀ।