ਚੰਡੀਗੜ੍ਹ, 27 ਸਤੰਬਰ, 2020 - ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਉਘੇ ਆਗੂ ਡਾ. ਫਾਰੂਕ ਅਬਦੁੱਲਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਤੇ ਜੰਮੂ ਕਸ਼ਮੀਰ ਵਿਚ ਪੰਜਾਬੀ ਬਾਰੇ ਲਏ ਸਟੈਂਡ ਦੀ ਸ਼ਲਾਘਾ ਕੀਤੀ ਹੈ। ਡਾ. ਅਬਦੁੱਲਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਤੇ ਸ਼੍ਰੋਮਣੀ ਅਕਾਲੀ ਵੱਲੋਂ ਦੋਵੇਂ ਮਾਮਲਿਆਂ ’ਤੇ ਲਏ ਦਲੇਰਾਨਾ ਤੇ ਸਿਧਾਂਤਕ ਸਟੈਂਡ ਦੀ ਸ਼ਲਾਘਾ ਕੀਤੀ। ਫਾਰੂਕ ਅਬਦੁੱਲਾ ਨੇ ਕਿਹਾ ਕਿ ਅਜਿਹਾ ਕਰਦਿਆਂ ਨਾ ਸਿਰਫ ਤੁਸੀਂ ਆਪਣੀ ਪਾਰਟੀ ਦੇ ਸ਼ਾਨਾਮੱਤੀ ਵਿਰਸੇ ’ਤੇ ਚਲ ਰਹੇ ਹੋ ਬਲਕਿ ਤੁਸੀਂ ਕਿਸਾਨਾਂ ਤੇ ਦੇਸ਼ ਵਿਚ ਸਮਾਜ ਦੇ ਹੋਰ ਕਸੂਤੇ ਫਸੇ ਵਰਗਾਂ ਵਾਸਤੇ ਇਕ ਆਸ ਦੀ ਕਿਰਨ ਪੈਦਾ ਕੀਤੀ ਹੈ।
ਡਾ. ਅਬਦੁੱਲਾ ਨੇ ਅਕਾਲੀ ਦਲ ਦੀ ਤਾਰੀਫ ਕਰਦਿਆਂ ਕਿਹਾ ਦੇਸ਼ ਵਿਚ ਕੋਈ ਵੀ ਕਿਸਾਨਾਂ ਲਈ ਇਸ ਤਰੀਕੇ ਨਾਲ ਨਹੀਂ ਲੜਿਆ ਜਿਸ ਤਰ੍ਹਾਂ ਅਕਾਲੀ ਲੜੇ ਹਨ । ਡਾ. ਅਬਦੁੱਲਾ ਨੇ ਕਿਸਾਨਾਂ ਅਤੇ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੁਆਉਣ ਵਾਸਤੇ ਲੜਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਸਮਰਥਨ ਤੇ ਇਕਜੁੱਟ ਪ੍ਰਗਟ ਕੀਤਾ। ਸੁਖਬੀਰ ਬਾਦਲ ਨੇ ਡਾ. ਅਬਦੁੱਲਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਸੰਘਰਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਦਾ ਅਹਿਦ ਕੀਤਾ।