ਅੰਮ੍ਰਿਤਸਰ, 28 ਸਤੰਬਰ 2020: ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਅੰਮ੍ਰਿਤਸਰ ਦੇ ਅੰਦਰੂਨੀ ਹਿੱਸੇ, ਜਿਥੇ ਕਿ ਸੀਵਰੇਜ ਦੀ ਸਫ਼ਾਈ ਦੀ ਵੱਡੀ ਸਮੱਸਿਆ ਚਿਰਾਂ ਤੋਂ ਚੱਲ ਰਹੀ ਹੈ, ਦਾ ਹੱਲ ਕਰਦੇ ਹੋਏ ਸੀਵਰੇਜ਼ ਦੀ ਸਫ਼ਾਈ ਲਈ 'ਸੁਪਰ ਸੱਕਰ' ਮਸ਼ੀਨ ਖਰੀਦਣ ਲਈ ਪੰਜਾਬ ਸਰਕਾਰ ਵਲੋਂ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਨੂੰ ਦਿੱਤੀ। ਸੋਨੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਵੱਡੀ ਲੋੜ ਸੀਵਰੇਜ ਦੀ ਸਪਲਾਈ ਨਿਰੰਤਰ ਚੱਲਦੀ ਰਹਿਣ ਵਿਚ ਹੈ ਅਤੇ ਅੰਦਰੂਨੀ ਹਿੱਸੇ ਵਿਚ ਸਫ਼ਾਈ ਨਾ ਹੋਣ ਕਾਰਨ ਕਈ ਵਾਰ ਸੀਵਰੇਜ ਬੰਦ ਹੋਣ ਦੀ ਸਮੱਸਿਆ ਆ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਸਮੱਸਿਆ ਦਾ ਹੱਲ, ਜੋ ਕਿ ਇੰਜੀਨਿਅਰਾਂ ਵਲੋਂ ਦਿੱਤਾ ਗਿਆ ਹੈ, ਉਹ ਸੀਵਰੇਜ ਸਾਫ਼ ਕਰਨ ਵਾਲੀ ਮਸ਼ੀਨ ਨਾਲ ਹੀ ਹੋਣਾ ਹੈ, ਸੋ ਅੱਜ 50 ਲੱਖ ਰੁਪਏ ਦੀ ਰਾਸ਼ੀ ਕਾਰਪੋਰੇਸ਼ਨ ਨੂੰ ਦਿੱਤੀ ਗਈ ਹੈ।
ਇਸ ਮੋਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਇਸ ਸਹਾਇਤਾ ਲਈ ਓ ਪੀ ਸੋਨੀ ਦਾ ਧੰਨਵਾਦ ਕੀਤਾ। ਮੇਅਰ ਕਰਮਜੀਤ ਨੇ ਕਿਹਾ ਕਿ ਭਾਵੇਂ ਅਸੀਂ ਸਮਾਰਟ ਸਿਟੀ ਤਹਿਤ ਸ਼ਹਿਰ ਦੇ ਵੱਡੇ ਕੰਮ ਕਰ ਰਹੇ ਹਾਂ, ਪਰ ਇਸ ਮਸ਼ੀਨ ਦੀ ਖਰੀਦ ਨਾਲ ਸਾਡੇ ਸੀਵਰੇਜ ਸਿਸਟਮ ਨੂੰ ਮਜ਼ਬੂਤੀ ਮਿਲੇਗੀ ਅਤੇ ਕਰਮਚਾਰੀਆਂ ਤੋਂ ਵਰਕ ਲੋਡ ਵੀ ਘੱਟ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਸ੍ਰੀ ਵਿਕਾਸ ਸੋਨੀ, ਗੁਰਦੇਵ ਸਿੰਘ ਦਾਰਾ, ਅਸ਼ਵਨੀ ਪੱਪੂ, ਧਰਮਵੀਰ ਸਰੀਨ ਅਤੇ ਹੋਰ ਪਤੰਵਤੇ ਵੀ ਹਾਜ਼ਰ ਸਨ।