ਚੰਡੀਗੜ੍ਹ,28 ਸਤੰਬਰ 2020 : ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਦੇ ਸੱਦੇ ’ਤੇ ਸ਼ੁਰੂ ਭੁੱਖ ਹੜਤਾਲ ਦੇ ਚਲਦਿਆਂ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਜੋ ਕਿ ਮਿਤੀ 24.09.2020 ਤੋਂ ਆਪਣੀਆਂ ਮੰਗਾਂ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਲੜੀਵਾਰ ਭੁੱਖ ਹੜਤਾਲ ਤੇ ਬੈਠੀ ਸੀ, ਨੂੰ ਅੱਜ ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਵੱਲੋਂ ਮੀਟਿੰਗ ਲਈ ਬੁਲਾਇਆ ਗਿਆ। ਪੈਨਲ ਵਿੱਚ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਤੋਂ ਇਲਾਵਾ ਮਹਿਲਾ ਪ੍ਰਧਾਨ ਮਨਜਿੰਦਰ ਕੌਰ, ਅਲਕਾ ਅਰੋੜਾ, ਸਕੱਤਰੇਤ ਦਰਜਾ 4 ਜੱਥੇਬੰਦੀ ਦੇ ਪ੍ਰਧਾਲ ਬਲਰਾਜ ਸਿੰਘ ਦਾਊਂ, ਪ੍ਰਾਹੁਣਚਾਰੀ ਵਿਭਾਗ ਦੇ ਪ੍ਰਧਾਨ ਮਹੇਸ਼ ਚੰਦਰ ਅਤੇ ਜਨਰਲ ਸਕੱਤਰ ਬਜਰੰਗ ਯਾਦਵ ਮੌਜੂਦ ਸਨ।
ਇਸ ਮੌਕੇ ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਵੱਲੋਂ ਵਿੱਤ ਮੰਤਰੀ ਨਾਲ ਟੈਲੀਫੋਨ ਤੇ ਗੱਲਬਾਤ ਕਰਦਿਆਂ ਮਿਤੀ 31.08.2020 ਦੀ ਲਗਾਤਾਰਤਾ ਵਿੱਚ ਮੁਲਾਜ਼ਮ ਆਗੂਆਂ ਨੂੰ ਤੁਰੰਤ ਮੀਟਿੰਗ ਦੇਣ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ ਮੁਲਾਜ਼ਮਾਂ ਦੀਆਂ ਕੁੱਝ ਵਿੱਤੀ ਅਤੇ ਕੁੱਝ ਗ਼ੈਰ ਵਿੱਤੀ ਮੰਗਾਂ ਮੰਨਣ ਸਬੰਧੀ ਵਿਚਾਰ ਚਲ ਰਿਹਾ ਹੈ। ਵਿੱਤ ਮੰਤਰੀ ਨੇ 1-2 ਦਿਨਾਂ ਵਿੱਚ ਮੁਲਾਜ਼ਮ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਕਿਹਾ। ਜੁਆਇੰਟ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦਾ ਸੰਘਰਸ਼ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।