ਮੁੰਬਈ, 29 ਸਤੰਬਰ 2020 - ਮੁੰਬਈ ਪੁਲਿਸ ਨੇ ਇੱਕ 28 ਸਾਲਾ ਟੈਲੀਵਿਜ਼ਨ ਅਦਾਕਾਰਾ ਸਪਨਾ ਰਲਹਾਨ ਅਤੇ ਉਸਦੇ ਪਤੀ ਪੁਨੀਤ ਨੂੰ ਪੰਜਾਬ ਵਿੱਚ ਧੋਖਾਧੜੀ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਸਪਨਾ ਰਲਹਾਨ ਅਤੇ ਉਸ ਦੇ ਪਤੀ ਵੱਲੋਂ ਇੱਕ ਵਿਅਕਤੀ ਨੂੰ ਆਈਪੀਐਸ ਬਣਵਾਉਣ ਅਤੇ ਉਸਦੀ ਮਰਜ਼ੀ ਦੀ ਪੋਸਟਿੰਗ ਦਿਵਾਉਣ ਦਾ ਵਾਅਦਾ ਕਰਦਿਆਂ 3.5 ਕਰੋੜ ਡਾਲਰ ਮਾਰੀ ਗਈ ਹੈ। ਉਨ੍ਹਾਂ ਨੇ ਕਥਿਤ ਤੌਰ 'ਤੇ ਪੀੜਤ ਨੂੰ ਡਿਫੈਂਸ ਮਿਨਿਸਟਰੀ ਅਤੇ ਨੈਸ਼ਨਲ ਪੁਲਿਸ ਅਕੈਡਮੀ ਦੇ ਜਾਅਲੀ ਨਿਯੁਕਤੀ ਪੱਤਰ ਦਿੱਤੇ।
ਮਿਲੀ ਜਾਣਕਾਰੀ ਅਨੁਸਾਰ ਮੁੰਬਈ ਕ੍ਰਾਈਮ ਬਰਾਂਚ ਯੂਨਿਟ ਵੱਲੋਂ ਉਨ੍ਹਾਂ ਦੋਵਾਂ ਨੂੰ ਮੁੰਬਈ ਦੇ ਉਸ਼ੀਵਾੜਾ ਇਲਾਕੇ ਵਿੱਚ ਲੋਖੰਡਵਾਲਾ ਵਿਖ਼ੇ ਸਥਿਤ ਇਕ ਪੋਸ਼ ਫ਼ਲੈਟ ਵਿੱਚ ਛਾਪਾਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਖਿਲਾਫ ਜਲੰਧਰ ਦੇ ਇੱਕ ਥਾਣੇ 'ਚ ਕੇਸ ਦਰਜ ਹੈ ਅਤੇ ਮੁੰਬਈ ਕ੍ਰਾਈਮ ਬਰਾਂਚ ਯੂਨਿਟ ਦੇ ਇੰਸਪੈਕਟਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਕਾਰਵਾਈ ਜਲੰਧਰ ਪੁਲਿਸ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਅਤੇ ਹੁਣ ਪੰਜਾਬ ਪੁਲਿਸ ਦੀ ਇਕ ਟੀਮ ਇਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਜਲੰਧਰ ਲੈ ਕੇ ਜਾ ਰਹੀ ਹੈ ਜਿੱਥੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।